ਫਗਵਾੜਾ 14 ਜੁਲਾਈ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੀ ਆਗੂ ਅਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵਲੋਂ ਇਕ ਪੱਤਰਕਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਭਾਰਤੀ ਸੰਵਿਧਾਨ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਨਿੰਦਣਯੋਗ ਦਸਦਿਆਂ ਅੱਜ ਬਸਪਾ ਆਗੂਆਂ ਐਡਵੋਕੇਟ ਕੁਲਦੀਪ ਭੱਟੀ ਸਾਬਕਾ ਜਿਲ੍ਹਾ ਜਨਰਲ ਸਕੱਤਰ, ਸੀਨੀਅਰ ਆਗੂ ਤਰਸੇਮ ਚੁੰਬਰ, ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਪਰਮਜੀਤ ਖਲਵਾੜਾ ਅਤੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਬੀਬੀ ਰਚਨਾ ਦੇਵੀ ਨੇ ਕਿਹਾ ਕਿ ਗਾਇਕਾ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਆਪ ਕਦੇ ਵੀ ਦਲਿਤਾਂ ਦੀ ਹਮਦਰਦ ਨਹੀਂ ਹੋ ਸਕਦੀ ਕਿਉਂਕਿ ਭਾਰਤੀ ਸੰਵਿਧਾਨ ਦਲਿਤਾਂ ਨੂੰ ਸਵਰਨਾਂ ਦੇ ਬਰਾਬਰ ਨਾਗਰਿਕਤਾ ਦਾ ਅਧਿਕਾਰ ਦਿੰਦਾ ਹੈ ਜਦਕਿ ਗਾਇਕਾ ਦੇ ਬਿਆਨ ਤੋਂ ਸਾਫ ਹੈ ਕਿ ਉਸਨੂੰ ਦਲਿਤਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਵਾਲੇ ਭਾਰਤੀ ਸੰਵਿਧਾਨ ਵਿਚ ਕੋਈ ਆਸਥਾ ਨਹੀਂ ਹੈ। ਉਕਤ ਬਸਪਾ ਆਗੂਆਂ ਨੇ ਕਿਹਾ ਕਿ ਸੰਵਿਧਾਨ ਦੀ ਨਿੰਦਿਆ ਕਰਨ ਤੋਂ ਪਹਿਲਾਂ ਗਾਇਕਾ ਅਨਮੋਲ ਗਗਨ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸੇ ਸੰਵਿਧਾਨ ਨੇ ਹੀ ਮਰਦ ਪ੍ਰਧਾਨ ਭਾਰਤੀ ਸੰਵਿਧਾਨ ਵਿਚ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਇਸ ਤੋਂ ਪਹਿਲਾਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸੰਵਿਧਾਨ ਦੇ ਖਿਲਾਫ ਇਤਰਾਜਯੋਗ ਟਿੱਪਣੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸੰਵਿਧਾਨ ਦਾ ਅਪਮਾਨ ਬਾਬਾ ਸਾਹਿਬ ਡਾ. ਅੰਬੇਡਕਰ ਦਾ ਵੀ ਅਪਮਾਨ ਹੈ ਜਿਸਨੂੰ ਬਹੁਜਨ ਸਮਾਜ ਪਾਰਟੀ ਅਤੇ ਐਸ.ਸੀ. ਸਮਾਜ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪੁਰਜੋਰ ਮੰਗ ਕੀਤੀ ਕਿ ਗਾਇਕਾ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰਕੇ ਤੁਰੰਤ ਗਿਰਫਤਾਰ ਕੀਤਾ ਜਾਵੇ ਨਹੀਂ ਤਾਂ ਬਸਪਾ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਵਾਹਦ, ਨਿਰਮਲ ਸਿੰਘ ਮਲਕਪੁਰ, ਹੈੱਪੀ ਕੌਲ, ਮੁਖਤਿਆਰ ਮਹਿਮੀ, ਨਰੇਸ਼ ਕੈਲੇ, ਨਿਰਮਲ ਨਿੰਮਾ ਆਦਿ ਹਾਜਰ ਸਨ।