ਫਗਵਾੜਾ 14 ਜੁਲਾਈ (ਸ਼ਿਵ ਕੋੜਾ) ਅੰਬੇਡਕਰ ਸੈਨਾ ਮੂਲ ਨਿਵਾਸੀ (ਪੰਜਾਬ) ਦਾ ਇਕ ਵਫਦ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਐਸ.ਪੀ. ਸਰਬਜੀਤ ਸਿੰਘ ਬਾਹੀਆ ਨੂੰ ਮਿਲਿਆ। ਇਸ ਦੌਰਾਨ ਵਫਦ ਵਲੋਂ ਐਸ.ਪੀ. ਫਗਵਾੜਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦੇ ਖਿਲਾਫ ਭਾਰਤੀ ਸੰਵਿਧਾਨ ਦਾ ਅਪਮਾਨ ਕਰਨ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਹਰਭਜਨ ਸੁਮਨ ਨੇ ਦੱਸਿਆ ਕਿ ਗਾਇਕਾ ਅਨਮੋਲ ਗਗਨ ਮਾਨ ਨੇ ਇਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਆਪਣੀ ਇੰਟਰਵਿਊ ਵਿਚ ਭਾਰਤ ਦੇ ਸੰਵਿਧਾਨ ਬਾਰੇ ਇਤਰਾਜਯੋਗ ਸ਼ਬਦ ਵਰਤੇ ਹਨ। ਜਿਸ ਨਾਲ ਭਾਰਤ ਦੇ ਸੰਵਿਧਾਨ ਵਿਚ ਵਿਸ਼ਵਾਸ ਰੱਖਣ ਵਾਲੇ ਹਰ ਭਾਰਤੀ ਨਾਗਰਿਕ ਨੂੰ ਭਾਰੀ ਠੇਸ ਪੁੱਜੀ ਹੈ। ਕਿਉਂਕਿ ਅਜਿਹੀ ਸ਼ਬਦਾਵਲੀ ਨਾਲ ਨਾਗਰਿਕਾਂ ਵਿਚ ਸੰਵਿਧਾਨ ਪ੍ਰਤੀ ਗਲਤ ਧਾਰਨਾ ਪੈਦਾ ਹੋਵੇਗੀ। ਹਰਭਜਨ ਸੁਮਨ ਨੇ ਕਿਹਾ ਕਿ ਉਕਤ ਗਾਇਕਾ ਵਲੋਂ ਸਿਆਸੀ ਫਾਇਦ ਲੈਣ ਲਈ ਕੀਤੀ ਗਈ ਇਹ ਹਰਕਤ ਬਹੁਤ ਹੀ ਨਿੰਦਣਯੋਗ ਹੈ ਜਿਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕ ਸ਼ਹਿਰੀ ਪ੍ਰਧਾਨ ਪ੍ਰਦੀਪ ਅੰਬੇਡਕਰੀ, ਦਿਹਾਤੀ ਪ੍ਰਧਾਨ ਮਾਨ ਅੰਬੇਡਕਰੀ, ਜਸਵਿੰਦਰ ਬੋਧ, ਧਰਮਵੀਰ ਬੋਧ ਜਨਰਲ ਸਕੱਤਰ, ਮਨੀ ਅੰਬੇਡਕਰੀ, ਅਜੈਬ ਸਿੰਘ, ਮਨੋਹਰ ਲਾਲ ਜੱਖੂ, ਡਾ. ਜਗਦੀਸ਼, ਜਤਿੰਦਰ ਅੰਬੇਡਕਰੀ, ਬੰਟੀ ਕੌਲਸਰ ਆਦਿ ਹਾਜਰ ਸਨ।