ਫਗਵਾੜਾ 16 ਜੁਲਾਈ (ਸ਼ਿਵ ਕੋੜਾ) ਮੋਦੀ ਸਰਕਾਰ ਵਲੋਂ ਦੇਸ਼ ਦੇ ਹਰ ਨਾਗਰਿਕ ਲਈ ਬਿਹਤਰ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਮੋਦੀ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਲਾਭ ਆਮ ਜਨਤਾ ਤਕ ਪਹੁੰਚਾਉਣ ਵਿਚ ਫੇਲ ਸਾਬਿਤ ਹੋਈ ਹੈ। ਇਹ ਗੱਲ ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕੋਰੋਨਾ ਵੈਕਸੀਨ ਦੀ ਸਪਲਾਈ ਭੇਜ ਰਹੀ ਹੈ ਪਰ ਬਾਵਜੂਦ ਇਸ ਦੇ ਲੋਕ ਟੀਕਾਕਰਣ ਕਰਵਾਉਣ ਲਈ ਭਟਕ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਸਿਰਫ ਸਿਵਲ ਹਸਪਤਾਲ ‘ਚ ਟੀਕੇ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਦੀ ਸੁਵਿਧਾ ਦਾ ਕੋਈ ਖਿਆਲ ਨਹੀਂ ਕੀਤਾ ਜਾਂਦਾ ਤੇ ਲੋਕ ਸਿਵਲ ਹਸਪਤਾਲ ‘ਚ ਟੀਕਾ ਲਗਵਾਉਣ ਤੋਂ ਗੁਰੇਜ ਕਰਦੇ ਹਨ। ਟੀਕਾ ਲਗਾਉਣ ਵਾਲੇ ਵਲੰਟੀਅਰਾਂ ਨੂੰ ਵੀ ਭੱਤੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਭਾਜਪਾ ਦੇ ਸਾਬਕਾ ਕੌਂਸਲਰ ਜੇਕਰ ਆਪਣੇ ਵਾਰਡ ਵਿਚ ਟੀਕਾਕਰਣ ਕੈਂਪ ਲਗਾਉਣਾ ਚਾਹੁੰਦੇ ਹਨ ਤਾਂ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਅਰੁਣ ਖੋਸਲਾ ਨੇ ਕਿਹਾ ਕਿ ਭਾਜਪਾ ਦੀ ਬਦੌਲਤ ਸਿਵਲ ਹਸਪਤਾਲ ਫਗਵਾੜਾ ਨੂੰ ਅਪਗਰੇਡ ਕੀਤਾ ਗਿਆ ਅਤੇ ਡਾਇਲਸਿਸ ਮਸ਼ੀਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਇਹ ਮਸ਼ੀਨ ਖਰਾਬ ਪਈ ਹੈ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਦੇ ਵੀ ਸਿਵਲ ਹਸਪਤਾਲ ‘ਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲੈਣ ਦਾ ਉਪਰਾਲਾ ਨਹੀਂ ਕੀਤਾ। ਫਗਵਾੜਾ ਦੀ ਜਨਤਾ ਜਾਨਣਾ ਚਾਹੁੰਦੀ ਹੈ ਕਿ ਧਾਲੀਵਾਲ ਨੇ ਵਿਧਾਇਕ ਬਣਨ ਤੋਂ ਬਾਅਦ ਸਿਵਲ ਹਸਪਤਾਲ ਦੇ ਸੁਧਾਰ ਲਈ ਹੁਣ ਤਕ ਕੀ ਕੀਤਾ ਹੈ। ਖੋਸਲਾ ਨੇ ਇਹ ਦੋਸ਼ ਵੀ ਲਾਇਆ ਕਿ ਸਿਵਲ ਹਸਪਤਾਲ ਦੀ ਇਮਾਰਤ ‘ਚ ਬਣੇ ਨਸ਼ਾ ਛੁਡਾਓ ਕੇਂਦਰ ਵਿਖੇ ਇਲਾਜ ਕਰਵਾਉਣ ਵਾਲਿਆਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜਿਸ ਕਰਕੇ ਮਰੀਜ ਪਰੇਸ਼ਾਨ ਹੋ ਰਹੇ ਹਨ। ਜਦਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦਾ ਮੁਢਲਾ ਫਰਜ਼ ਹੈ ਕਿ ਸਰਕਾਰੀ ਸਿਹਤ ਕੇਂਦਰਾਂ ਤੇ ਹਸਪਤਾਲਾਂ ‘ਚ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਯਕੀਨੀ ਬਣਾਈਆਂ ਜਾਣ। ਮੋਦੀ ਸਰਕਾਰ ਦੇ ਯਤਨ ਵੀ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਸੂਬਾ ਸਰਕਾਰ ਆਪਣੀ ਜਿੰਮੇਵਾਰੀ ਨੂੰ ਠੀਕ ਢੰਗ ਨਾਲ ਨਿਭਾਏਗੀ ਨਹੀਂ ਤਾਂ ਜਨਤਾ ਤਕ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਣਾ ਸੰਭਵ ਨਹੀਂ ਹੋ ਸਕਦਾ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਅਗਲੇ ਸਾਲ ਦੀਆਂ ਪੰਜਾਬ ਵਿਧਾਨਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਦੀਆਂ ਵਧੀਕੀਆਂ ਅਤੇ ਹਲਕਾ ਵਿਧਾਇਕ ਧਾਲੀਵਾਲ ਦੇ ਨਿਕੱਮਪੁਣੇ ਦਾ ਹਿਸਾਬ ਭਾਜਪਾ ਦੇ ਹੱਕ ਵਿਚ ਵੋਟ ਪਾ ਕ ਵਸੂਲ ਕਰਨ ਤਾਂ ਜੋ ਕੇਂਦਰ ਸਰਕਾਰ ਦੀ ਲੋਕ ਪੱਖੀ ਹਰ ਯੋਜਨਾ ਦਾ ਲਾਭ ਲੋੜਵੰਦ ਯੋਗ ਨਾਗਰਿਕਾਂ ਤਕ ਪਹੁੰਚ ਸਕੇ।