ਜਲੰਧਰ (19-07-2021) ਬੱਚਿਆਂ ਦੇ ਵਿੱਚ ਨਿਊਮੋਕੋਕਲ ਨਿਊਮੋਨੀਆ ਤੋਂ ਬਚਣ ਵਾਸਤੇ ਨਿਊਮੋਕੇਕਲ ਕੰਜੂਗੇਟ ਵੈਕਸੀਨ
(ਪੀ.ਸੀ.ਵੀ.) ਵੈਕਸੀਨ ਨੂੰ ਨਿਯਮਤ ਟੀਕਾਕਰਨ ਅਭਿਆਨ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿੱਚ ਸੋਮਵਾਰ ਨੂੰ ਜਿਲ੍ਹਾ
ਸਿਖਲਾਈ ਕੇਂਦਰ ਦਫ਼ਤਰ ਸਿਵਲ ਸਰਜਨ ਵਿਖੇ ਜਿਲ੍ਹਾ ਪਧਰੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਲ੍ਹਾ
ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ, ਡਾ. ਗਗਨ ਸ਼ਰਮਾ ਸਰਵੇਲੇਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.), ਗਰਵਿਤ ਸ਼ਰਮਾ,
ਮਨਪ੍ਰੀਤ ਸਿੰਘ ਅਤੇ ਜਿਲ੍ਹੇ ਦੇ ਨੋਡਲ ਮੈਡੀਕਲ ਅਫ਼ਸਰ ਅਤੇ ਬਲਾਕ ਐਕਸਟੇਂਸ਼ਨ ਐਜੁਕੇਟਰ ਅਤੇ ਪੈਰਾਮੈਡੀਕਲ ਸਟਾਫ ਹਾਜਰ ਸਨ।
ਜਿਲ੍ਹਾ ਟੀਕਾਕਰਨ ਅਫ਼ਸਰ ਰਾਕੇਸ਼ ਕੁਮਾਰ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਨੂੰ ਜਨਮ ਤੋਂ ਬਾਅਦ ਵੱਖ-ਵੱਖ
ਬੀਮਾਰੀਆਂ ਤੋਂ ਬਚਾਓ ਲਈ ਸਮੇਂ-ਸਮੇਂ 'ਤੇ ਸਿਹਤ ਵਿਭਾਗ ਵਲੋਂ ਨਿਰਧਾਰਤ ਟੀਕਾਕਰਨ ਕਰਵਾਉਣਾ ਅਤੀ ਜਰੂਰੀ ਹੈ। ਟੀਕਾਕਰਨ
ਕਰਵਾਉਣ ਨਾਲ ਬੱਚੇ ਦਾ ਜਿੱਥੇ ਸਰੀਰਕ ਤੇ ਬੌਧਿਕ ਵਿਕਾਸ ਹੁੰਦਾ ਹੈ, ਉੱਥੇ ਉਸਦੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ
ਵੱਧਦੀ ਹੈ। ਉਨ੍ਹਾਂ ਨਿਊਮੋਕੋਕਲ ਨਿਊਮੋਨੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਗੰਭੀਰ ਸਾਹ ਦੀ ਲਾਗ ਹੈ। ਜਿਸ ਵਿੱਚ
ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ, ਬੁਖਾਰ, ਖੰਘ ਆਦਿ ਹੁੰਦੀ ਹੈ ਅਤੇ ਸਾਹ ਦੇ ਨਾਲ ਖੰਘ ਅਤੇ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ
ਵਿਅਕਤੀ ਤੱਕ ਫੈਲਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਲਦ ਹੀ ਬੱਚਿਆਂ ਨੂੰ ਨਿਊਮੋਕੇਕਲ ਨਿਊਮੋਨੀਆ ਤੋਂ ਬਚਣ ਦੇ ਲਈ
ਨਿਊਮੋਕੋਕਲ ਕੰਜੂਗੇਟ ਵੈਕਸੀਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਸਰਵੇਲੇਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਯਮਤ
ਟੀਕਾਕਰਨ ਪ੍ਰੋਗਰਾਮ ਦੇ ਅਧੀਨ ਪੀ.ਸੀ.ਵੀ. ਦਾ ਟੀਕਾ ਤਿੰਨ ਖੁਰਾਕਾਂ ਵਿੱਚ ਲਗਾਇਆ ਜਾਵੇਗਾ। ਪੀ.ਸੀ.ਵੀ. ਪੂਰੀ ਤਰ੍ਹਾਂ ਸੁਰੱਖਿਅਤ ਤੇ
ਪ੍ਰਭਾਵਸ਼ਾਲੀ ਟੀਕਾ ਹੈ। ਪੀ.ਸੀ.ਵੀ. ਦੀ 2 ਪ੍ਰਾਇਮਰੀ ਅਤੇ 1 ਬੂਸਟਰ ਡੋਜ਼ ਹੋਵੇਗੀ। ਪਹਿਲੀ ਪ੍ਰਾਇਮਰੀ ਖੁਰਾਕ 6 ਹਫਤੇ (ਡੇਢ ਮਹੀਨਾ) ਤੇ
ਦੂਜੀ ਪ੍ਰਾਇਮਰੀ ਖੁਰਾਕ 14 ਹਫਤੇ (ਸਾਢੇ ਤਿੰਨ ਮਹੀਨੇ) ਅਤੇ ਬੂਸਟਰ ਖੁਰਾਕ 9 ਮਹੀਨੇ 'ਤੇ ਦਿੱਤੀ ਜਾਣੀ ਹੈ। ਪੀ.ਸੀ.ਵੀ. ਦਾ ਟੀਕਾ
ਬੱਚਿਆਂ ਦੇ ਪੱਟ ਦੇ ਸੱਜੇ ਪਾਸੇ, ਪੱਟ ਦੇ ਅੱਧੇ ਭਾਗ ਵਿਚ ਮਾਸਪੇਸ਼ੀਆਂ ਤੇ ਲਾਇਆ ਜਾਏਗਾ। ਪੀਸੀਵੀ ਵੈਕਸੀਨ ਬੱਚਿਆਂ ਦੀ ਨਿਊਮੋਕੋਕਲ
ਬੀਮਾਰੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਾਏਗਾ। ਬੱਚਿਆਂ ਵਿੱਚ ਗੰਭੀਰ ਨਿਊਮੋਕੋਕਲ ਬੀਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ
ਪਹਿਲੇ ਸਾਲ ਵਿੱਚ ਹੁੰਦਾ ਹੈ, ਪਰ ਇਹ ਖਤਰਾ ਉਮਰ ਦੇ ਪਹਿਲੇ 14 ਮਹੀਨਿਆਂ ਤੱਕ ਰਹਿੰਦਾ ਹੈ। ਪੀ.ਸੀ.ਵੀ. ਟੀਕਾਕਰਨ ਨਾ ਸਿਰਫ
ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਨੂੰ ਬਚਾਏਗਾ ਬਲਕਿ ਨਿਉਮੋਕੋਕਲ ਬੀਮਾਰੀ ਦੇ ਹੋਰ ਬੱਚਿਆਂ ਵਿੱਚ ਫੈਲਣ ਦੇ ਖਤਰੇ ਨੂੰ ਘੱਟ
ਕਰੇਗਾ।