ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਕਰਨ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਨ ਲਈ ਵੀ ਜਾਣਿਆ ਜਾਂਦਾ ਹੈ। ਇਸੇ ਤਹਿਤ ਕਾਲਜ ਵਿਖੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੁਆਰਾ ਈਕੋ ਨੈਵੀਗੇਸ਼ਨ ਕਲੱਬ ਅਤੇ ਪੰਜਾਬ ਡਿਵੈਲਪਮੈਂਟ ਸੋਸਾਇਟੀ ਦੇ ਸਹਿਯੋਗ ਨਾਲ ‘ਵਰਲਡ ਨੇਚਰ ਕੰਜ਼ਰਵੇਸ਼ਨ ਡੇ’ ਮਨਾਇਆ ਗਿਆ। ਜਿਸ ਤਹਿਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਅਗਵਾਈ ਵਿੱਚ ਕਾਲਜ ਕੈਂਪਸ ਵਿਖੇ ਬੂਟੇ ਲਗਾਏ ਗਏ ਅਤੇ ਪਹਿਲਾਂ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਲਈ ਮੁਹਿੰਮ ਚਲਾਈ ਗਈ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਕਾਲਜ ਕੈਂਪਸ ਹਰਿਆ-ਭਰਿਆ ਅਤੇ ਸੌ ਪ੍ਰਤੀਸ਼ਤ ਪ੍ਰਦੂਸ਼ਨ ਰਹਿਤ ਹੈ। ਬਾਗ-ਬਗੀਚੇ ਅਤੇ ਹੋਰ ਆਲੇ-ਦੁਆਲੇ ਦੇ ਹਰਿਆਵਲੇ ਤੇ ਮਨਮੋਹਣੇ ਦ੍ਰਿਸ਼ ਤਨ-ਮਨ ਨੂੰ ਤਾਜ਼ਗੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਘਾਟ ਕਾਰਨ ਗਲੋਬਲ ਵਾਰਮਿੰਗ ਵਧ ਰਹੀ ਹੈ। ਜਲਵਾਯੂ ਵਿੱਚ ਤਬਦੀਲੀਆਂ ਵਾਪਰ ਰਹੀਆਂ ਹਨ, ਜਿਸ ਕਰਕੇ ਧਰਤੀ ’ਤੇ ਤਾਪਮਾਨ ਵਧ ਰਿਹਾ ਹੈ। ਇਸ ਸਭ ਦਾ ਹੱਲ ਵੱਧ ਤੋਂ ਵੱਧ ਰੁੱਖ ਲਗਾ ਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡੇ ਦੇਸ਼ ਨੂੰ ਘੱਟੋ ਘੱਟ 150 ਕਰੋੜ ਰੁੱਖ ਲਗਾਉਣ ਦੀ ਜ਼ਰੂਰਤ ਹੈ। ਰੁੱਖਾਂ ਨਾਲ ਹੀ ਵਾਤਾਵਰਨ ਅਤੇ ਧਰਤੀ ’ਤੇ ਜੀਵਨ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਡਾ. ਐਸ.ਐਸ. ਬੈਂਸ ਡੀਨ ਸਪੋਰਟਸ, ਪ੍ਰੋ. ਹਰੀਓਮ ਵਰਮਾ, ਪ੍ਰੋ. ਅਜੇ ਕੁਮਾਰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਮੌਜ਼ੂਦ ਸਨ।