ਜਲੰਧਰ, 4 ਅਗਸਤ
ਨਵੇਂ ਬਣਨ ਵਾਲੇ ਦਕੋਹਾ ਅੰਡਰਪਾਸ ਲਈ ਬੋਲੀ 31 ਅਗਸਤ, 2021 ਨੂੰ ਖੁੱਲ੍ਹਣ ਜਾ ਰਹੀ ਹੈ ਕਿਉਂਕਿ ਐਨ.ਐਚ.ਏ.ਆਈ. ਵੱਲੋਂ ਪਿਛਲੇ ਮਹੀਨੇ ਇਸ ਪ੍ਰੋਜੈਕਟ ਲਈ ਪਹਿਲਾਂ ਹੀ ਟੈਂਡਰ ਜਾਰੀ ਕਰ ਦਿੱਤੇ ਗਏ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਭ ਤੋਂ ਵਿਅਸਤ ਦਕੋਹਾ ਰੇਲਵੇ ਪੁਆਇੰਟ ‘ਤੇ ਆਵਾਜਾਈ ਦੀ ਸਮੱਸਿਆ ਨੂੰ ਘੱਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਇੱਥੇ ਅੰਡਰਪਾਸ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਡੀਪੀਆਰ ਤਿਆਰ ਕੀਤੀ ਗਈ । ਉਨ੍ਹਾਂ ਕਿਹਾ ਕਿ ਇਸ ਅੰਡਰਪਾਸ ‘ਤੇ ਤਕਰੀਬਨ 14 ਕਰੋੜ ਰੁਪਏ ਖਰਚਾ ਆਵੇਗਾ ਅਤੇ ਉਚਾਈ ਪੰਜ ਮੀਟਰ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਹੋਣ ਦੇ ਇੱਕ ਸਾਲ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ, ਜਿਸਦਾ ਉਦੇਸ਼ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ‘ਤੇ ਟ੍ਰੈਫਿਕ ਸਮੱਸਿਆਵਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਪੀਕ ਆਵਰਸ’ ਦੇ ਦੌਰਾਨ ਇਸ ਕਰਾਸਿੰਗ ਦੇ ਬੰਦ ਹੋਣ ਕਾਰਨ ਐਨ.ਐਚ. -44 ‘ਤੇ ਟ੍ਰੈਫਿਕ ਜਮ੍ਹਾ ਹੋ ਜਾਂਦਾ ਹੈ, ਜੋ ਕਿ ਹਾਦਸਿਆਂ ਨੂੰ ਸੱਦਾ ਦਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵੱਲੋਂ ਇਸ ਸਥਾਨ ‘ਤੇ ਸਰਵੇਖਣ ਵੀ ਕੀਤਾ ਗਿਆ ਸੀ ਅਤੇ ਸੁਝਾਅ ਦਿੱਤਾ ਗਿਆ ਸੀ ਕਿ ਇਹ ਕਰਾਸਿੰਗ ਐਨਐਚ -44 ਦੇ ਨੇੜੇ ਹੋਣ ਕਾਰਨ ਇੱਥੇ ਆਰ.ਯੂ.ਬੀ./ਆਰ.ਓ.ਬੀ. ਸੰਭਵ ਨਹੀਂ ਹੈ, ਇਸ ਲਈ ਇੱਥੇ ਇੱਕ ਵੀ.ਯੂ.ਪੀ. (ਵਹੀਕੂਲਰ ਅੰਡਰਪਾਸ) ਬਣਾ ਕੇ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਐਨ.ਐਚ.ਏ.ਆਈ. ਦੇ ਪ੍ਰਾਜੈਕਟ ਦੇ ਡਾਇਰੈਕਟਰ ਵਰਿੰਦਰ ਸਿੰਘ ਨੇ ਕਿਹਾ ਕਿ ਵਹੀਕੂਲਰ ਅੰਡਰਪਾਸ (ਵੀ.ਯੂ.ਪੀ.) ਦੀ ਲਾਗਤ ਲਗਭਗ 14 ਕਰੋੜ ਰੁਪਏ ਹੋਵੇਗੀ ਅਤੇ ਬੋਲੀ ਹੋਣ ਤੋਂ ਬਾਅਦ ਸਫ਼ਲ ਬੋਲੀਕਾਰਾਂ ਨੂੰ ਵਰਕ ਆਰਡਰ ਜਾਰੀ ਕੀਤੇ ਜਾਣਗੇ। ਸ਼ੁਰੂ ਹੋਣ ਤੋਂ ਬਾਅਦ ਪ੍ਰਾਜੈਕਟ ਦੀ ਮਿਆਦ 12 ਮਹੀਨੇ ਹੈ।