ਫਗਵਾੜਾ 4 ਅਗਸਤ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਅਵਤਾਰ ਸਿੰਘ ਭੁੰਗਰਨੀ ਅਤੇ ਐਸ.ਸੀ. ਵਿੰਗ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਠੇਕੇਦਾਰ ਬਲਜਿੰਦਰ ਸਿੰਘ ਸਾਬਕਾ ਕੌਂਸਲਰ ਨੇ ਪਾਰਟੀ ਦੇ ਕੌਮੀ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਸੀ.ਐਮ. ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨ ਕੀਤੇ ਅਹਿਮ ਐਲਾਨਾਂ ਦਾ ਪੁਰਜੋਰ ਸਵਾਗਤ ਕੀਤਾ ਹੈ। ਜੱਥੇਦਾਰ ਭੁੰਗਰਨੀ ਅਤੇ ਠੇਕੇਦਾਰ ਬਲਜਿੰਦਰ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ 13 ਵੱਡੇ ਐਲਾਨ ਕਰਦਿਆਂ ਅਗਲੇ ਸਾਲ ਪੰਜਾਬ ਦੀ ਸੱਤਾ ‘ਚ ਸ੍ਰੋਮਣੀ ਅਕਾਲੀ ਦਲ ਦੀ ਵਾਪਸੀ ਹੋਣ ਉਪਰੰਤ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਗੱਲ ਕਹੀ ਹੈ ਜਿਹਨਾਂ ਵਿਚ ਸਾਰੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਹਿਲੇ 400 ਯੁਨਿਟ ਮਾਫ ਕਰਨਾ, ਨੀਲੇ ਕਾਰਡ ਧਾਰਕਾਂ ਨੂੰ ਦੋ ਹਜਾਰ ਰੁਪਏ ਮਹੀਨਾ ਦੇਣਾ, ਖੇਤੀ ਲਈ ਵਰਤਿਆ ਜਾਣ ਵਾਲਾ ਡੀਜਲ 10 ਰੁਪਏ ਸਸਤਾ ਦੇਣਾ, ਸੂਬੇ ਦੇ ਹਰ ਨਾਗਰਿਕ ਨੂੰ 10 ਲੱਖ ਰੁਪਏ ਦੇ ਬੀਮੇ ਦੀ ਯੋਜਨਾ, ਵਿਦਿਆਰਥੀਆਂ ਨੂੰ 10 ਲੱਖ ਰੁਪਏ ਤਕ ਦਾ ਵਿਆਜ ਮੁਕਤ ਕਰਜਾ, ਸਰਕਾਰੀ ਨੌਕਰੀਆਂ ‘ਚ ਔਰਤਾਂ ਨੂੰ ਪੰਜਾਹ ਫੀਸਦੀ ਰਾਖਵਾਂਕਰਣ, ਸੂਬੇ ਦੇ ਰੋਜ਼ਗਾਰਾਂ ‘ਚ 75% ਹਿੱਸੇਦਾਰੀ ਪੰਜਾਬੀਆਂ ਦੀ ਯਕੀਨੀ ਬਨਾਉਣਾ ਆਦਿ ਖਾਸ ਤੌਰ ਤੇ ਜਿਕਰਯੋਗ ਹਨ ਕਿਉਂਕਿ ਇਹ ਮੁੱਦੇ ਸਿੱਧੇ ਤੌਰ ਤੇ ਪੰਜਾਬੀਆਂ ਦੇ ਉਸ ਵਰਗ ਨਾਲ ਜੁੜ ਹਨ ਜੋ ਗਰੀਬ ਹੈ, ਛੋਟਾ ਕਿਸਾਨ ਹੈ ਜਾਂ ਬੇਰੁਜਗਾਰੀ ਦੀ ਮਾਰ ਝੱਲ ਰਿਹਾ ਹੈ। ਇਸ ਤੋਂ ਇਲਾਵਾ ਇੰਡਸਟ੍ਰੀ ਨੂੰ ਲੈ ਕੇ ਕੀਤੇ ਐਲਾਨ ਵੀ ਸ਼ਲਾਘਾਯੋਗ ਹਨ। ਉਕਤ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਕੀਤੇ ਇਹਨਾਂ ਐਲਾਨਾਂ ਨਾਲ ਇਕ ਵਾਰ ਫਿਰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਵਾਲੀ ਸਿਆਸੀ ਪਾਰਟੀ ਹੈ। ਲੋਕਾਂ ਵਿਚ ਇਹਨਾਂ ਐਲਾਨਾ ਨੂੰ ਲੈ ਕੇ ਜੋ ਖੁਸ਼ੀ ਦੇਖੀ ਜਾ ਰਹੀ ਹੈ ਉਸ ਤੋਂ ਸਪਸ਼ਟ ਹੈ ਕਿ ਅਗਲੇ ਸਾਲ ਸ੍ਰੋਮਣੀ ਅਕਾਲੀ ਦਲ ਆਪਣੀ ਭਾਈਵਾਲ ਬਸਪਾ ਦੇ ਨਾਲ ਰਲ ਕੇ ਪੰਜਾਬ ਦੀ ਸੱਤਾ ਵਿਚ ਸ਼ਾਨਦਾਰ ਵਾਪਸੀ ਕਰੇਗਾ ਅਤੇ ਪੰਜ ਸਾਲ ਪਹਿਲਾਂ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਣ ਵਾਲੀ ਕਾਂਗਰਸ ਪਾਰਟੀ ਨੂੰ ਲੋਕ ਮੂੰਹ ਨਹੀਂ ਲਗਾਉਣਗੇ।