ਜਲੰਧਰ (05 ਅਗਸਤ 2021): ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਸਿਹਤ ਸੰਭਾਲ ਦੇ ਮੱਦੇਨਜਰ ਮਹਾਲਕਸ਼ਮੀ ਮੰਦਿਰ ਜੇਲ੍ਹ ਰੋਡ ਵਿਖੇ ਲੋਕਾਂ ਨੂੰ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ। 1 ਅਗਸਤ ਤੋਂ 7 ਅਗਸਤ ਤੱਕ ਸਿਹਤ ਵਿਭਾਗ ਵਲੋਂ ਮਾਂ ਦੇ ਦੁੱਧ ਦੀ ਮਹੱਤਤਾ ਦਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਦਫ਼ਤਰ ਸਿਵਲ ਸਰਜਨ ਜਲੰਧਰ ਦੇ ਮਾਸ ਮੀਡੀਆ ਵਿੰਗ ਵਲੋਂ ਮਾਂ ਦਾ ਦੁੱਧ ਦੀ ਮਹੱਤਤਾ ਸੰਬੰਧੀ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਦੀਆਂ ਮਾਂਵਾਂ ਨੂੰ ਜਨਮ ਤੋਂ ਹੀ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਦੀ ਮਹੱਤਤਾ ਬਾਰੇ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਬੀ.ਈ.ਈ. ਰਾਕੇਸ਼ ਸਿੰਘ, ਬੀ.ਈ.ਈ. ਮਾਨਵ ਸ਼ਰਮਾ, ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਜਨਰਲ ਮੈਨੇਜਰ ਮਹਾਲਕਸ਼ਮੀ ਮੰਦਿਰ ਦੱਤ ਪ੍ਰਕਾਸ਼, ਮੈਨੇਜਰ ਹਰੀਸ਼ ਹਾਂਡਾ, ਡਾ. ਕਰੁਨਾ ਸਾਗਰ ਟ੍ਰਸਟੀ, ਮਹਾਲਕਸ਼ਮੀ ਮੰਦਿਰ ਕਮੇਟੀ ਮੈਂਬਰ ਓਮ ਪ੍ਰਕਾਸ਼ ਜੇਤਲੀ, ਰਜਿੰਦਰ ਸਿੰਘ, ਐਲ.ਐਚ.ਵੀ. ਸਤਵਿੰਦਰ ਕੌਰ, ਏ.ਐਨ.ਐਮ. ਮਨਦੀਪ ਕੌਰ ਅਤੇ ਆਸ਼ਾ ਵਰਕਰ ਸੰਤੋਸ਼ ਰਾਣੀ ਅਤੇ ਹੋਰ ਆਮ ਲੌਕ ਦੀ ਮੌਜੂਦਗੀ ਵਿੱਚ ਜਨ-ਜਾਗਰੂਕਤਾ ਹਿੱਤ ‘ਚ ਪੈਂਫਲੈਟ ਵੀ ਜਾਰੀ ਕੀਤਾ ਗਿਆ।

ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਮ ਤੋਂ ਲੈ ਕੇ 6 ਮਹੀਨੇ ਤੱਕ ਦੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਓ। ਮਾਂ ਦੇ ਪਹਿਲੇ ਗਾੜ੍ਹੇ ਦੁੱਧ (ਬੋਹਲੀ) ਵਿੱਚ ਨਵ-ਜੰਮੇ ਬੱਚੇ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਉਨ੍ਹਾਂ ਦੱਸਿਆ ਕਿ 2 ਸਾਲ ਤੱਕ ਬੱਚੇ ਨੂੰ ਸੰਤੁਲਿਤ ਖੁਰਾਕ ਤੋਂ ਇਲਾਵਾ ਮਾਂ ਦਾ ਦੁੱਧ ਵੀ ਜ਼ਰੂਰ ਪਿਲਾਓ। ਜੇਕਰ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਰਹੇ ਤਾਂ ਉਹ ਆਪ ਵੀ ਸਿਹਤਮੰਦ ਰਹੇਗੀ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਤੋਂ ਬਾਅਦ ਸੰਤੁਲਿਤ ਅਤੇ ਵਿਟਾਮਿਨ ਯੁਕਤ ਭੋਜਨ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਇਸ ਨਾਲ ਮਾਂ ਅਤੇ ਬੱਚੇ ਦੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਉਹ ਕੁਪੋਸ਼ਨ ਦਾ ਸ਼ਿਕਾਰ ਹੋਣ ਤੋਂ ਬਚੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਮਮਤਾ ਦਿਵਸ ਮੌਕੇ ਵੀ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਸੰਬੰਧੀ ਜਰੂਰੀ ਨੁਕਤਿਆਂ ਬਾਰੇ ਜਾਣਕਾਰੀ ਅਤੇ ਟੀਕਾਕਰਨ ਸੰਬੰਧੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।