ਫਗਵਾੜਾ 6 ਅਗਸਤ (ਸ਼ਿਵ ਕੋੜਾ) ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੂਬਾ ਪ੍ਰਧਾਨ ਹਰਭਜਨ ਸੁਮਨ ਨੇ ਭਾਰਤੀ ਹਾਕੀ ਟੀਮ ਦੀ ਖਿਡਾਰਣ ਵੰਦਨਾ ਕਟਾਰੀਆ ਦੇ ਘਰ ਦੇ ਬਾਹਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਹੁੜਦੰਗ ਬਾਜੀ ਦੀ ਸਖਤ ਨਖੇਦੀ ਕਰਦਿਆਂ ਇਹਨਾਂ ਅਨਸਰਾਂ ਖਿਲਾਫ ਐਟਰੋਸਿਟੀ ਐਕਟ ਅਧੀਨ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਹਰਭਜਨ ਸੁਮਨ ਨੇ ਕਿਹਾ ਕਿ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਜਾਰੀ ਓਲੰਪਿਕ-2020 ਦੌਰਾਨ ਭਾਰਤ ਦੀ ਮਹਿਲਾ ਹਾਕੀ ਟੀਮ ਦੀ ਖਿਡਾਰਣ ਵੰਦਨਾ ਕਟਾਰੀਆ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੈਟ੍ਰਿਕ ਲਗਾਈ। ਜਿਸ ਕਰਕੇ ਭਾਰਤੀ ਟੀਮ ਸੈਮੀਫਾਈਨਲ ਵਿਚ ਕੁਆਲੀਫਾਈ ਕਰ ਸਕੀ। ਪਰ ਅਰਜਨਟਾਈਨ ਦੀ ਟੀਮ ਤੋਂ ਹਾਰਨ ਤੋਂ ਬਾਅਦ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਖਿਡਾਰਣ ਵੰਦਨਾ ਕਟਾਰੀਆ ਦੇ ਉਤਰਾਖੰਡ ਸਥਿਤ ਘਰ ਦੇ ਬਾਹਰ ਕੁੱਝ ਜਾਤੀ ਹੰਕਾਰੀਆਂ ਵਲੋਂ ਪਟਾਖੇ ਚਲਾਏ ਗਏ ਅਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਇਹ ਵੀ ਕਿਹਾ ਕਿ ਦਲਿਤਾਂ ਨੂੰ ਹਾਕੀ ਸਮੇਤ ਸਾਰੀਆਂ ਖੇਡਾਂ ਤੋਂ ਬਾਹਰ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹਨਾਂ ਜਾਤੀ ਹੰਕਾਰੀਆਂ ਨੂੰ ਨਹੀਂ ਪਤਾ ਕਿ ਰਾਸ਼ਟਰੀ ਟੀਮ ਵਿਚ ਜਗ੍ਹਾ ਬਨਾਉਣ ਲਈ ਕਿੰਨੀ ਸਖਤ ਮਿਹਨਤ ਕਰਨੀ ਪੈਂਦੀ ਹੈ। ਉਹਨਾਂ ਤਲਖ ਲਹਿਜੇ ਵਿਚ ਕਿਹਾ ਕਿ ਕੁਝ ਜਾਤੀ ਵਾਦੀ ਲੋਕ ਨਹੀਂ ਚਾਹੁੰਦੇ ਕਿ ਦੇਸ਼ ਦਾ ਐਸ.ਸੀ. ਸਮਾਜ ਤਰੱਕੀ ਕਰੇ ਪਰ ਸਭ ਤੋਂ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਓਲੰਪਿਕ ਦੀ ਹਰ ਹਾਰ-ਜਿੱਤ ਤੇ ਪਹਿਲੀ ਪ੍ਰਤੀਕ੍ਰਿਆ ਦੇਣ ਵਾਲੇ ਪ੍ਰਧਾਨ ਮੰਤਰੀ ਮੋਦੀ ਤੇ ਨਾ ਉਤਰਖਾਂਡ ਦੇ ਮੁੱਖ ਮੰਤਰੀ ਅਤੇ ਨਾ ਹੀ ਕੇਂਦਰ ਸਰਕਾਰ ਦੇ ਖੇਡ ਮੰਤਰੀ ਨੇ ਇਸ ਘਟਨਾ ਦੀ ਨਿੰਦਿਆ ਕਰਨਾ ਜਰੂਰੀ ਸਮਝਿਆ। ਇਹ ਸਭ ਦਰਸਾਉਂਦਾ ਹੈ ਕਿ ਇਸ ਦੇਸ਼ ਵਿਚ ਵਿਅਕਤੀ ਦੇ ਗੁਣ ਦੀ ਨਹੀਂ ਉਸਦੀ ਜਾਤੀ ਦੀ ਕਦਰ ਕੀਤੀ ਜਾਂਦੀ ਹੈ ਤਾਂ ਹੀ ਤਾਂ ਸਾਡਾ ਦੇਸ਼ ਤਰੱਕੀ ਨਹੀਂ ਕਰ ਰਿਹਾ ਅਤੇ ਸਮਾਜ ਜਾਤੀਵਾਦੀ ਮਾਨਸਿਕਤਾ ਦਾ ਸ਼ਿਕਾਰ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਅਨਸਰਾਂ ਖਿਲਾਫ ਦੇਸ਼ਧ੍ਰੋਹ ਦਾ ਪਰਚਾ ਵੀ ਦਰਜ ਕੀਤਾ ਜਾਵੇ ਕਿਉਂਕਿ ਇਹਨਾਂ ਅਨਸਰਾਂ ਨੇ ਦੇਸ਼ ਦੀ ਟੀਮ ਦੀ ਹਾਰ ਦੀ ਖੁਸ਼ੀ ਮਨਾਈ ਅਤੇ ਪਟਾਖੇ ਚਲਾਏ ਹਨ।