ਫਗਵਾੜਾ 6 ਅਗਸਤ (ਸ਼ਿਵ ਕੋੜਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਅ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ। ਦਿੱਲੀ ਵਿਖੇ ਆਲ ਇੰਡੀਆ ਯੂਥ ਕਾਂਗਰਸ ਵਲੋਂ 5 ਅਗਸਤ ਨੂੰ ਸੰਸਦ ਦੇ ਘਿਰਾਓ ਸਬੰਧੀ ਉਲੀਕੇ ਪ੍ਰੋਗਰਾਮ ‘ਚ ਸ਼ਾਮਲ ਹੋਣ ਉਪਰੰਤ ਵਾਪਸ ਪਰਤੇ ਸੌਰਵ ਖੁੱਲਰ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਤੋਂ ਸਮੂਹ ਯੂਥ ਕਾਂਗਰਸ ਵਰਕਰਾਂ ਦੇ ਨਾਲ ਉਹ ਸੰਸਦ ਦੇ ਘਿਰਾਓ ਲਈ ਦਿੱਲੀ ਗਏ ਸਨ। ਮੋਦੀ ਸਰਕਾਰ ਨੇ ਜੰਤਰ-ਮੰਤਰ ਦੇ ਕੋਲ ਯੂਥ ਵਰਕਰਾਂ ਤੇ ਪਾਣੀ ਦੀਆਂ ਤੇਜ ਬੋਛਾਰਾਂ ਕੀਤੀਆਂ ਅਤੇ ਲਾਠੀਚਾਰਜ ਕਰਕੇ ਲੋਕਤੰਤਰ ਦਾ ਘਾਣ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਖਿਲਾਫ ਜੋ ਵੀ ਆਵਾਜ਼ ਉੱਠਦੀ ਹੈ ਉਸਨੂੰ ਡੰਡੇ ਦੇ ਜੋਰ ਤੇ ਦਬਾਇਆ ਜਾ ਰਿਹਾ ਹੈ ਪਰ ਹੁਣ ਭਾਰਤ ਦੀ ਜਨਤਾ ਮੋਦੀ ਸਰਕਾਰ ਦੀ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਸੰਸਦ ਦਾ ਘਿਰਾਓ ਲੋਕ ਮਸਲਿਆਂ ਨੂੰ ਲੈ ਕੇ ਕੀਤਾ ਜਾਣਾ ਸੀ। ਜਿਸ ਵਿਚ ਵੱਧਦੀ ਮਹਿੰਗਾਈ, ਬੇਰੁਜਗਾਰੀ, ਕੋਰੋਨਾ ਨਾਲ ਨਜਿੱਠਣ ‘ਚ ਮੋਦੀ ਸਰਕਾਰ ਦੀ ਨਾਕਾਮੀ ਅਤੇ ਅੱਠ ਮਹੀਨੇ ਤੋਂ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋ ਰਹੇ ਕਿਸਾਨਾ ਦੇ ਹੱਕ ਦੀ ਆਵਾਜ਼ ਨੂੰ ਅੰਨ੍ਹੀ ਬੌਲੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਯੂਥ ਕਾਂਗਰਸ ਦਾ ਮਕਸਦ ਸੀ। ਸੰਸਦ ਦੇ ਅੰਦਰ ਵੀ ਕਾਂਗਰਸ ਸਮੇਤ ਹੋਰ ਸਾਰੀਆਂ ਵਿਰੋਧੀ ਧਿਰਾਂ ਨੂੰ ਜਨਤਾ ਨਾਲ ਜੁੜੇ ਮਸਲੇ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪਰ ਆਪਣੀ ਧੱਕੇਸ਼ਾਹੀ ਤੇ ਪੜਦਾ ਪਾਉਣ ਲਈ ਸੰਸਦ ਨਾ ਚੱਲਣ ਦੇਣ ਦਾ ਇਲਜਾਮ ਮੋਦੀ ਦੇ ਮੰਤਰੀਆਂ ਵਲੋਂ ਵਿਰੋਧੀ ਧਿਰਾਂ ਤੇ ਲਗਾਇਆ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ।