ਅੰਮ੍ਰਿਤਸਰ, 7 ਅਗਸਤ – ਪੰਜਾਬ ਰਾਜ ਅਧਿਆਪਕ ਗਠਜੋੜ ਨੇ ਸਰਕਾਰ ਵੱਲੋ ਪੇ ਕਮਿਸ਼ਨ ਦੀ ਸਿਫਾਰਿਸ਼ ਦੇ ਬਾਵਜੂਦ 24 ਕੈਟਾਗਿਰੀਆ ਲਈ 2.25 ਗੁਣਾਂਕ ਖਤਮ ਨਾ ਕਰਨ, ਪੇ ਕਮਿਸ਼ਨ ਤਰੁੱਟੀਆਂ ਦੂਰ ਕਰਵਾਉਣ , ਗੁਣਾਂਕ ਦਾ ਵਾਧਾ ਕਰਵਾਉਣ , ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ,ਕੱਚੇ ਮੁਲਾਜਮ ਪੱਕੇ ਕਰਵਾਉਣ , ਕੇਂਦਰੀ ਪੈਟਰਨ ਸਕੇਲਾ ,1-1-15 ਨੋਟੀਫੀਕੇਸ਼ਨ ਰੱਦ ਕਰਵਾਉਣ ਸਮੇਤ ਹੋਰ ਮੰਗਾਂ ਤੇ ਕੋਈ ਠੋਸ ਹੱਲ ਨਾ ਕਰਨ ਦੀ ਬਜਾਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਕਾਰਾਤਮਕ ਰਵੱਈਏ ਖਿਲਾਫ ਦਿਤੇ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਪੱਧਰ ਤੇ ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਵਿਖੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਅਤੇ ਅਜਨਾਲਾ ਰੋਡ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ।
ਇਸ ਦੌਰਾਨ ਬੋਲਦਿਆਂ ਅਧਿਆਪਕ ਗਠਜੋੜ ਦੇ ਆਗੂਆਂ ਗੁਰਪ੍ਰੀਤ ਸਿੰਘ ਰਿਆੜ, ਗੁਰਿੰਦਰ ਸਿੰਘ ਘੁੱਕੇਵਾਲੀ, ਪ੍ਰਭਜਿੰਦਰ ਸਿੰਘ, ਸਤਬੀਰ ਸਿੰਘ ਬੋਪਾਰਾਏ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਅਧਿਆਪਕਾਂ ਦਾ ਦਮ ਦੇਖਣਾ ਚਾਹੁੰਦੀ ਹੈ ਪਰੰਤੂ ਸਰਕਾਰ ਨੂੰ ਆਪਣੇ ਮਨ ਚੋਂ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਅਧਿਆਪਕ ਵਰਗ ਵੱਲੋ ਪਿਛਲੀਆਂ ਸਰਕਾਰਾਂ ਕੋਲੋ ਸੰਘਰਸ਼ ਕਰਕੇ ਲਾਗੂ ਕਰਾਏ ਸਕੇਲ ਹੁਣ ਵੀ ਖਤਮ ਨਹੀ ਹੋਣ ਦਿਆਂਗੇ। ਆਗੂਆਂ ਨੇ ਇਹ ਗੱਲ ਮੁੜ ਦੁਹਰਾਈ ਕਿ ਸਿਸਵਾਂ ਫਾਰਮ ਮੋਹਾਲੀ ਤੇ ਕੀਤੇ ਰੋਸ ਮੁਜਹਰੇ ਬਾਅਦ ਪੰਜਾਬ ਭਵਨ ‘ਚ ਫਿਕਸ ਹੋਈ ਪ੍ਰਮੁੱਖ ਸਕੱਤਰਾਂ ਦੀ ਪੈਨਲ ਮੀਟਿੰਗ ‘ਚ ਆਰ.ਸੀ.ਨਈਅਰ ਦਾ ਪੱਤਰ ਲਾਗੂ ਕਰਕੇ 24 ਕੈਟਾਗਿਰੀਆਂ ਅਧੀਨ ਅਧਿਆਪਕਾਂ ਤੇ ਨਰਸਿੰਗ ਸਟਾਫ ਨੂੰ ਵੱਧ ਗੁਣਾਕ ਦੇ ਕੇ ਪੇ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਤੇ ਸਹਿਮਤੀ ਬਣ ਚੁੱਕੀ ਹੈ ਪਰ ਹੁਣ ਵਿੱਤ ਮੰਤਰੀ ਦੇ ਅੜੀਅਲ ਵਤੀਰੇ ਦੇ ਵਿਰੋਧ ‘ਚ ਲਾਗੂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ 16 ਅਗਸਤ ਨੂੰ ਮੁੜ ਸਿਸਵਾਂ ਫਾਰਮ ਦਾ ਘਿਰਾਉ ਹੋਵੇਗਾ।
ਇਸ ਮੌਕੇ ਉਪਰੋਕਤ ਤੋ ਇਲਾਵਾ ਗੁਰਿੰਦਰਜੀਤ ਸਿੰਘ, ਨਵਦੀਪ ਸਿੰਘ, ਰਜਿੰਦਰ ਸਿੰਘ ਕਲੇਰ, ਕਸਮੀਰ ਸਿੰਘ ਖੁੰਡਾ, ਪ੍ਰਮੋਦ ਸਿੰਘ, ਗੁਰਮੇਜ ਸਿੰਘ, ਬਿਕਰਮ ਸਿੰਘ ਮਟੀਆ, ਜਸਬੀਰ ਸਿੰਘ ,ਮਨਿੰਦਰ ਸਿੰਘ, ਸਾਹਿਬਰਣਜੀਤ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਪਵਨ ਕੁਮਾਰ, ਦਲਜੀਤ ਸਿੰਘ ਜਗਦੇਵ ਕਲਾਂ, ਬਲਵਿੰਦਰ ਸਿੰਘ ਜੱਜ, ਸਤਪਾਲ ਸਿੰਘ ਅਤੇ ਹੋਰ ਆਗੂ ਸ਼ਾਮਿਲ ਸਨ।