ਫਗਵਾੜਾ 9 ਅਗਸਤ (ਸ਼ਿਵ ਕੋੜਾ) ਸ਼ਹਿਰ ਦੇ ਗੁਰੂ ਹਰਿਗੋਬਿੰਦ ਨਗਰ ‘ਚ ਸਥਿਤ ਨਗਰ ਸੁਧਾਰ ਟਰੱਸਟ ਦੇ ਵਿਹੜੇ ‘ਚ ਸਰਬ ਨੌਜਵਾਨ ਸਭਾ (ਰਜਿ.) ਦੀ ਪਹਿਲ ਤੇ ਤੀਆਂ ਦਾ ਤਿਓਹਾਰ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨ ਸੈਂਟਰ ਦੀਆਂ ਸਿਖਿਆਰਥਣਾਂ ਅਤੇ ਸਟਾਫ ਦੇ ਸਹਿਯੋਗ ਨਾਲ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਆਯੋਜਿਤ ਸਮਾਗਮ ‘ਚ ਜਿਥੇ ਸੈਂਕੜਿਆਂ ਦੀ ਗਿਣਤੀ ’ਚ ਇਕੱਠੀਆਂ ਹੋਈਆਂ ਮੁਟਿਆਰਾਂ ਅਤੇ ਔਰਤਾਂ ਨੇ ਮਨੁੱਖੀ ਰੂਹ ਦੇ ਸੰਗੀਤ ਲੋਕ ਗੀਤਾਂ ਦੀ ਛਹਿਬਰ ਲਗਾ ਦਿੱਤੀ ਤੇ ਜੀਵਨ ਦੇ ਹਰ ਰੰਗ ਦੀ ਝਲਕ ਜਿਸ ਵਿਚ ਵੀਰ ਭੈਣ ਦਾ ਪਿਆਰ, ਵੀਰ ਦੇ ਵਿਆਹ ਦੀਆਂ ਘੋੜੀਆਂ, ਮਾਹੀਆਂ ਦੇ ਪਿਆਰ ਦੇ ਟੱਪੇ ਮਨੁੱਖੀ ਜਜ਼ਬਿਆਂ ਦੀਆਂ ਬਾਤਾਂ ਪਾਉਂਦੇ ਦਿੱਸੇ। ਆਈਆਂ ਹੋਈਆਂ ਮੁੱਖ ਪ੍ਰਾਹੁਣੀਆਂ ਜੋਤੀ ਬਾਲਾ ਮੱਟੂ (ਪੀ.ਸੀ.ਐਸ) ਆਰ.ਟੀ.ਏ ਸਕੱਤਰ ਅੰਮ੍ਰਿਤਸਰ, ਸਰਬਜੀਤ ਕੌਰ ਧਾਲੀਵਾਲ ਪਤਨੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਵਪਨਦੀਪ ਕੌਰ ਨਾਇਬ ਤਹਿਸੀਲਦਾਰ ਸ਼ਾਹਕੋਟ ਤੋਂ ਇਲਾਵਾ ਸੁਰਿੰਦਰ ਕੁਮਾਰੀ ਈ.ਓ ਨਗਰ ਸੁਧਾਰ ਟਰੱਸਟ, ਸੁਸ਼ੀਲ ਲਤਾ ਭਾਟੀਆ ਸੀ.ਡੀ.ਪੀ.ਓ ਆਦਿ ਹਾਜ਼ਰ ਸਨ। ਤੀਆਂ ਤੀਜ ਦੀਆਂ ਆਈਆਂ, ਨੱਚ ਲਓ ਨੀ ਕੁੜੀਓ ਸਾਉਣ ਘਟਾ ਚੜ੍ਹ ਆਈਆਂ ਸਮੇਤ ਹੋਰ ਬਹੁਤ ਸਾਰੀਆਂ ਬੋਲੀਆਂ ਤੇ ਨੱਚ ਕੇ ਮਹਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ ਧਾਲੀਵਾਲ ਨੇ ਵੀ ਖੂਬ ਰੰਗ ਬੰਨਿ੍ਹਆ। ਇਸ ਦੇ ਨਾਲ ਹੀ ਸਮਾਜ ਸੇਵਾ ਨਾਲ ਜੁੜੀਆਂ ਸਖ਼ਸੀਅਤਾਂ ਵੀ ਹਾਜਰ ਹੋਈਆਂ। ਤੀਆਂ ਦੇ ਤਿਉਹਾਰ ਦੀਆਂ ਪ੍ਰਬੰਧਕਾਂ ਮੈਡਮ ਤਿ੍ਰਪਤਾ ਸ਼ਰਮਾ, ਪਿ੍ਰਤਪਾਲ ਕੌਰ ਤੁੱਲੀ, ਸਾਕਸ਼ੀ ਤਿ੍ਰਖਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਸੁਖਜੀਤ ਕੌਰ, ਮੈਡਮ ਚੇਤਨਾ ਰਾਜਪੂਤ ਵਲੋਂ ਪੰਜਾਬੀ ਗਾਇਕਾ ਬਲਜਿੰਦਰ ਰਿੰਪੀ ਅਤੇ ਰਾਣੋ ਮਾਨ ਦੀ ਸੁਰੀਲੀ ਆਵਾਜ਼ ‘ਚ ਪਾਈਆਂ ਬੋਲੀਆਂ ਨਾਲ ਪ੍ਰਹਾਉਣੀਆਂ ਨੂੰ ਜੀਅ ਆਇਆਂ ਆਖਿਆ ਗਿਆ ਅਤੇ ਖ਼ਾਸ ਅੰਦਾਜ਼ ਵਿਚ ਗਾਉਂਦਿਆਂ ਸਟੇਜ ਤੱਕ ਲਿਆਂਦਾ, ਜਿਥੇ ਤੀਆਂ ਦੇ ਤਿਉਹਾਰ ਨਾਲ ਸਬੰਧਤ ਗੀਤ ਗਾਏ ਜਾ ਰਹੇ ਸਨ, ਗਿੱਧਾ ਪਾਇਆ ਜਾ ਰਿਹਾ ਸੀ। ਪਿੱਲਕਣ ਦੇ ਦਰੱਖਤ ਹੇਠਾਂ ਚਰਖਾ, ਚੂੜੀਆਂ, ਚੱਕੀ, ਪੱਖੀਆਂ, ਛੱਜ ਅਤੇ ਪੰਜਾਬੀ ਸਭਿਆਚਾਰ ਦੀ ਝਲਕ ਦਿੰਦੀਆਂ ਪੰਜਾਬੀ ਵਸਤੁਆਂ ਦੀ ਪ੍ਰਦਰਸ਼ਨੀ ਮੁਟਿਆਰਾਂ ਵਲੋਂ ਲਗਾਈ ਗਈ ਸੀ। ਤੀਆਂ ਦੇ ਇਸ ਤਿਉਹਾਰ ਦੀ ਖਾਸੀਅਤ ਪਿੱਲਕਣ ਦੀਆਂ ਟਾਹਣੀਆਂ ਤੇ ਪਾਈਆਂ ਪੀਘਾਂ ਸਨ, ਜਿਹਨਾਂ ਨੂੰ ਮੁਟਿਆਰਾਂ ਨੇ ਚਾਵਾਂ ਨਾਲ ਝੂਟਦਿਆਂ ਆਨੰਦ ਮਾਣਿਆ। ਇਸ ਮੌਕੇ ਜੋਤੀ ਬਾਲਾ ਮੱਟੂ ਸਕੱਤਰ ਆਰ.ਟੀ.ਏ. ਅੰਮ੍ਰਿਤਸਰ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਫਗਵਾੜਾ ਦੀ ਧਰਤੀ ਉੱਤੇ ਵੱਡਾ ਕੰਮ ਕੀਤਾ ਹੈ ਅਤੇ ਸਭਾ ਅਮੀਰ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਅੱਗੇ ਆਈ ਹੈ ਅਤੇ ਤੀਆਂ ਦਾ ਤਿਉਹਾਰ ਮਨਾ ਕੇ ਮੁਟਿਆਰਾਂ ਨੂੰ ਆਪਣੇ ਸਭਿਆਚਾਰ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਸੁਰਿੰਦਰ ਕੁਮਾਰੀ ਈ.ਓ. ਨਗਰ ਸੁਧਾਰ ਟਰੱਸਟ ਫਗਵਾੜਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਮੁਟਿਆਰਾਂ ਨੇ ਸਮਾਗਮ ਵਿਚ ਪੁੱਜ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲਗਾ ਦਿੱਤੇ ਹਨ। ਉਹਨਾ ਕਿਹਾ ਕਿ ਘਰਾਂ ਦੇ ਤਣਾਅ ਭਰੇ ਮਾਹੌਲ ਅਤੇ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਇਹੋ ਜਿਹੇ ਤਿਓਹਾਰ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਸੁਸ਼ੀਲ ਲਤਾ ਭਾਟੀਆ ਸੀ.ਡੀ.ਪੀ.ਓ. ਨੇ ਕਿਹਾ ਕਿ ਤਿਉਹਾਰ ਮਨਾਉਣ ਨਾਲ ਆਪਸੀ ਸਾਂਝ ਵੱਧਦੀ ਹੈ ਅਤੇ ਇਹ ਤਿਉਹਾਰ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਦੇ ਹਨ। ਇਸ ਸਮਾਗਮ ’ਚ ਵਿਸ਼ੇਸ਼ ਤੌਰ ਤੇ ਪੁੱਜੇ ਥਾਣਾ ਸਦਰ ਫਗਵਾੜਾ ਦੇ ਇੰਚਾਰਜ ਬਬਨਦੀਪ ਸਿੰਘ ਡੀ.ਐਸ.ਪੀ., ਪਵਨ ਕੁਮਾਰ ਬੀਸਲਾ ਐਸ.ਈ. ਪਾਵਰਕਾਮ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਅਨਿਕਾ ਸ਼ਰਮਾ, ਲੈਕਚਰਾਰ ਹਰਜਿੰਦਰ ਗੋਗਨਾ ਅਤੇ ਪੂਨਮ ਨੇ ਬਖੂਬੀ ਨਿਭਾਈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਹਾਜਰੀਨ ਦਾ ਪਹੁੰਚਣ ਅਤੇ ਤੀਆਂ ਦੇ ਤਿਓਹਾਰ ਸਮਾਗਮ ਨੂੰ ਸਫਲ ਬਨਾਉਣ ਵਿਚ ਪਾਏ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਭਾ ਵਲੋਂ ਤੀਆਂ ਦੇ ਤਿਓਹਾਰ ਦਾ ਇਹ ਪਹਿਲਾ ਉਪਰਾਲਾ ਕੀਤਾ ਗਿਆ ਸੀ। ਇਸ ਦੀ ਸਫਲਤਾ ਨੂੰ ਦੇਖਦੇ ਹੋਏ ਅੱਗੇ ਤੋਂ ਹਰ ਸਾਲ ਫਗਵਾੜਾ ਵਿਖੇ ਪੰਜਾਬੀ ਵਿਰਸੇ ਦੇ ਇਸ ਅਨਮੋਲ ਤਿਓਹਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਖੀਰ, ਪੂੜੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪੀਘਾਂ, ਝੂਲੇ, ਚਰਖਾ ਤੇ ਰੰਗ ਬਰੰਗੇ ਸਾਜ ਸਜਾਵਟ ਨਾਲ ਪੂਰਾ ਮਾਹੌਲ ਰੰਗਾ-ਰੰਗ ਹੋ ਗਿਆ ਸੀ। ਸੈਂਟਰ ਦੀਆਂ ਸਿੱਖਿਆਰਥਣਾਂ ਅੰਜਲੀ ਰਾਜਪੂਤ, ਅੰਜਲੀ ਮਹਿਮੀ, ਨੇਹਾ ਜੱਸੀ, ਤੀਸ਼ਾ, ਆਸ਼ੀਮਾ, ਦੀਆ, ਸਿਮਰਨ, ਮਹਿਕ, ਸ਼ਿਵਾਨੀ, ਪ੍ਰੀਤੀ, ਜੋਤੀ ਬਾਲਾ, ਨਵਜੋਤ ਕੌਰ, ਸਾਕਸ਼ੀ, ਮਾਨਸੀ, ਖੁਸ਼ੀ, ਸੋਨੀਆ ਤੋਂ ਇਲਾਵਾ ਹਾਸਰਸ ਦੇ ਕਲਾਕਾਰ ਸਿਕੰਦਰ ਵਲੋਂ ਖੂਬਸੂਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ ਜਿਹਨਾਂ ਨੂੰ ਮਹਿਮਾਨਾਂ ਵਜੋਂ ਖੂਬ ਵਾਹਵਾਹੀ ਮਿਲੀ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਅਨੀਤਾ ਰਾਣੀ ਸਾਂਝ ਕੇਂਦਰ ਫਗਵਾੜਾ, ਡਾ. ਬਲਵੀਰ ਕੌਰ, ਸ੍ਰੀਮਤੀ ਮਨਜੀਤ ਸੇਠ, ਡਾ: ਸੀਮਾ ਰਾਜਨ, ਡਾ: ਸੁਲਭਾ ਸਿੰਗਲਾ, ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਮਿੱਲ, ਰਜਨੀ ਬਾਲਾ ਸਮਾਜ ਸੇਵਿਕਾ, ਸੁਰਿੰਦਰਪਾਲ ਨੰਬਰਦਾਰ, ਰਵਿੰਦਰ ਸਿੰਘ ਰਾਏ, ਡਾ: ਐਸ. ਰਾਜਨ, ਡਾ: ਤੁਸ਼ਾਰ ਅਗਰਵਾਲ, ਕੁਲਬੀਰ ਬਾਵਾ, ਸ਼ਿਵ ਕੁਮਾਰ, ਸਾਹਿਬਜੀਤ ਸਾਬੀ, ਮਨਦੀਪ ਕੁਮਾਰ, ਜਸ਼ਨ ਮਹਿਰਾ, ਯਤਿੰਦਰ ਰਾਹੀਂ, ਬੀ.ਐਚ.ਖਾਨ, ਗੁਰਦੀਪ ਕੰਗ, ਪੰਜਾਬੀ ਗਾਇਕ ਜਸਬੀਰ ਮਾਹੀ, ਉਂਕਾਰ ਜਗਦੇਵ, ਨਰਿੰਦਰ ਸੈਣੀ, ਡਾ: ਨਰੇਸ਼ ਬਿੱਟੂ, ਰਣਜੀਤ ਰਾਜਾ, ਹੈਪੀ ਬਰੋਕਰ, ਜੋਗਿੰਦਰ ਕੁਮਾਰ ਜੇ.ਕੇ. ਢਾਬਾ, ਰਵਿੰਦਰ ਚੋਟ ਰਿਟਾਇਰਡ ਈਟੀਓ, ਪਰਮਜੀਤ ਰਾਏ, ਪਰਸ ਰਾਮ ਸ਼ਿਵਪੁਰੀ, ਗੁਲਸ਼ਨ ਕਲੇਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਸੁਖਜੀਤ ਕੌਰ, ਮੈਡਮ ਚੇਤਨਾ ਰਾਜਪੂਤ, ਆਰ.ਪੀ. ਸ਼ਰਮਾ, ਹਰਜਿੰਦਰ ਗੋਗਨਾ, ਹਰਵਿੰਦਰ ਸਿੰਘ, ਮੰਹਤ ਲਤਾ ਸ਼ੇਰਗਿੱਲ, ਬਲਜੀਤ ਕੌਰ, ਜਗਜੀਤ ਸੇਠ, ਨਰਿੰਦਰ ਖੁਰਾਨਾ, ਦਵਿੰਦਰ ਕੌਰ, ਮੋਨਿਕਾ, ਪਿੰਦੀ ਮੱਲ ਕੱਟਾਂ, ਰੌਕੀ ਮੇਹਲੀ, ਸੱਤਾ ਚਾਚੋਕੀ, ਬਿੱਟੂ ਢੋਲੀ, ਆਦਿ ਹਾਜ਼ਰ ਸਨ।