ਫਗਵਾੜਾ, 16 ਅਗਸਤ (ਸ਼ਿਵ ਕੋੜਾ) ਪੰਜਾਬੀ ਵਿਰਸਾ ਟਰੱਸਟ ਵਲੋਂ ਅੰਤਰਰਾਸ਼ਟਰੀ ਪੱਤਰਕਾਰ ਸ: ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ “ਇੰਡੀਅਨਜ਼ ਐਬਰੋਡ ਐਂਡ ਪੰਜਾਬ ਇੰਪੈਕਟ, ਪੰਜਾਬੀ ਸੰਸਾਰ-2021″ ਅੱਜ ਫਗਵਾੜਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਸਮੇਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਡਾ: ਸਰਬਜੀਤ ਸਿੰਘ ਛੀਨਾ, ਡਾ: ਹਰਜਿੰਦਰ ਸਿੰਘ ਵਾਲੀਆ, ਪ੍ਰੋ: ਜਸਵੰਤ ਸਿੰਘ ਗੰਡਮ, ਸ:ਨਰਪਾਲ ਸਿੰਘ ਸ਼ੇਰਗਿੱਲ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਇਸ ਮੌਕੇ ਤੇ ਹਾਜ਼ਰ ਲੇਖਕਾਂ, ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਟਰੱਸਟ ਪ੍ਰਧਾਨ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਨਿਰਪੱਖ ਪੱਤਰਕਾਰੀ ਕਰਨਾ ਅਤੇ ਲਿਖਣਾ ਬਹੁਤ ਜੋਖ਼ਮ ਭਰਿਆ ਕੰਮ ਹੈ, ਕਿਉਂਕਿ ਸਥਾਪਤੀ,ਅਸਹਿਮਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਭਾਵੇਂ ਦੇਸ਼ ਦੀ ਸਰਬ ਉੱਚ ਅਦਾਲਤ ਨੇ ਅਸਿਹਮਤੀ ਨੂੰ ਲੋਕਤੰਤਰ ਦੀ ਆਤਮਾ ਕਿਹਾ ਹੈ, ਪਰ ਮੌਜੂਦਾ ਸਰਕਾਰੀ ਤੰਤਰ, ਆਪਣੇ ਵਿਰੁੱਧ ਲਿਖਣ ਅਤੇ ਬੋਲਣ ਵਾਲਿਆਂ ਵਿਰੁੱਧ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ਼ ਕਰਦਾ ਹੈ ਅਤੇ ਛੋਟੀ ਉਮਰ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਦਾ ਹੈ। ਉਹਨਾ ਨੇ ਸੁਪਰੀਮ ਕੋਰਟ ਦੀ ਉਸ ਟਿਪਣੀ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਦੇਸ਼ ਦੀ ਸਿਖਰਲੀ ਅਦਾਲਤ ਨੇ ਇਹ ਸੁਝਾਅ ਦਿੱਤਾ ਸੀ ਕਿ ਦੇਸ਼ ਧ੍ਰੋਹ ਦੀ ਧਾਰਾ 124 ਏ ਨੂੰ ਇੰਡੀਅਨ ਪੀਨਲ ਕੋਡ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਇਸਦਾ ਬਹੁਤ ਜਿਆਦਾ ਦੁਰਉਪਯੋਗ ਹੋ ਰਿਹਾ ਹੈ।ਉਹਨਾ ਨੇ ਨਿਡਰ ਲੇਖਨੀ ਅਤੇ ਪੱਤਰਕਾਰਤਾ ਕਰਨ ਵਾਲੇ ਸੂਰਮਿਆਂ ਨੂੰ ਵਧਾਈ ਦਿੰਦਿਆਂ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ ਕਿ ਸੱਚ ਦੀ ਖਾਤਰ ਸਿਰ ਵੀ ਦੇਣਾ ਪਵੇ ਤਾਂ ਦੇ ਦੇਣਾ ਚਾਹੀਦਾ ਹੈ, ਪਰ ਕਦੇ ਵੀ ਜ਼ਮੀਰ ਮਰਨ ਨਹੀਂ ਦੇਣੀ ਚਾਹੀਦੀ। ਉਹਨਾ ਨੇ ਸ: ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪੁਸਤਕ ਸੰਸਾਰ ਪ੍ਰਤੀ ਪੰਜਾਬ ਦੇ ਸਾਰੇ ਬੂਹੇ ਬਾਰੀਆਂ ਖੋਲ੍ਹਦੀ ਹੈ ਤੇ ਕੌਮਾਂਤਰੀ ਪੱਧਰ ਦੀ ਜਾਣਕਾਰੀ ਦਿੰਦੀ ਹੈ। ਪ੍ਰਸਿੱਧ ਪੱਤਰਕਾਰ ਡਾ: ਹਰਜਿੰਦਰ ਸਿੰਘ ਵਾਲੀਆ , ਪਟਿਆਲਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਰਪਾਲ ਸਿੰਘ ਸ਼ੇਰਗਿੱਲ ਪੰਜਾਬੀਆਂ ਦੀ ਹਰ ਸ਼੍ਰੇਣੀ ਦੇ ਲੋਕਾਂ ਤੱਕ ਗੱਲ ਪਹੁੰਚਾਉਂਦੇ ਹਨ ਅਤੇ ਉਹਨਾ ਦੀ ਪੁਸਤਕ ਸੂਚਨਾ, ਸਾਹਿਤ ਅਤੇ ਪੱਤਰਕਾਰੀ ਦਾ ਸੰਗਮ ਹੈ। ਉਹਨਾ ਨੇ ਸਰੋਤਿਆਂ, ਜਿਹਨਾ ਵਿੱਚ ਲੜਕੀਆਂ ਸਮੇਤ ਕਾਫ਼ੀ ਗਿਣਤੀ ਨੌਜਵਾਨਾਂ ਦੀ ਸੀ, ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਵੱਡੇ ਸੁਪਨੇ ਲਵੋ ਅਤੇ ਉਹਨਾ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰੋ। ਚੀਫ਼ ਖਾਲਸਾ ਦੀਵਾਨ ਦੇ ਸਿੱਖਿਆ ਵਿੰਗ ਦੇ ਆਨਰੇਰੀ ਸਕੱਤਰ, ਅਰਥ ਸ਼ਾਸ਼ਤਰੀ ਤੇ ਕਾਲਮ ਨਵੀਸ ਡਾ: ਐਸ. ਐਸ. ਛੀਨਾ, ਅੰਮ੍ਰਿਤਸਰ ਨੇ ਕਿਹਾ ਕਿ ਵਿਰਸਾ ਸੰਭਾਲਣਾ ਬਹੁਤ ਵੱਡੀ ਗੱਲ ਹੈ ਅਤੇ ਸ਼ੇਰਗਿੱਲ ਦੀ ਪੁਸਤਕ ਪੰਜਾਬ ਦੀ ਵਿਰਾਸਤ ਯਾਦ ਕਰਾਉਂਦੀ ਹੈ। ਪੁਸਤਕ ਦੇ ਲੇਖਕ ਨਰਪਾਲ ਸਿੰਘ ਸ਼ੇਰਗਿੱਲ ਨੇ ਉਹਨਾ ਦੀ ਪੁਸਤਕ “ਇੰਡੀਅਨਜ਼ ਐਬਰੋਡ ਐਂਡ ਪੰਜਾਬ ਇੰਪੈਕਟ, ਪੰਜਾਬੀ ਸੰਸਾਰ-2021″ਰਲੀਜ਼ ਕਰਨ ਲਈ ਪੰਜਾਬੀ ਵਿਰਸਾ ਟਰੱਸਟ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾ ਦੀ ਪੁਸਤਕ ਵਿੱਚ 55 ਮੁਲਕਾਂ ‘ਚ ਵਸਦੇ ਪੰਜਾਬੀਆਂ ਦੀ ਗੱਲ ਕੀਤੀ ਗਈ ਹੈ, ਉਹਨਾ ਬਹੁਤ ਦਾਈਏ ਨਾਲ ਕਿਹਾ ਕਿ ਭਾਰਤ ਸਾਰੇ ਭਾਰਤੀਆਂ ਦਾ ਹੈ, ਅਤੇ ਪੰਜਾਬ ਸਾਰੇ ਪੰਜਾਬੀਆਂ ਦਾ ਹੈ। ਇਸ ਸਮੇਂ ਕਰਵਾਏ ਕਵੀ ਦਰਬਾਰ ਵਿੱਚ ਬਲਦੇਵ ਰਾਜ ਕੋਮਲ, ਮਨੋਜ ਫਗਵਾੜਵੀ, ਭਜਨ ਵਿਰਕ, ਰਵਿੰਦਰ ਚੋਟ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਤ੍ਰਿਪਤਾ ਸ਼ਰਮਾ ਸਾਬਕਾ ਕੌਂਸਲਰ, ਪ੍ਰਿਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਬਲਜੀਤ ਕੌਰ, ਜਗਜੀਤ ਸਿੰਘ ਸੇਠ, ਸਾਕਸ਼ੀ ਤ੍ਰਿਖਾ, ਪੰਜਾਬੀ ਗਾਇਕ ਮਨਮੀਤ ਮੇਵੀ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਚੇਤਨਾ ਰਾਜਪੂਤ, ਬਬੀਤਾ, ਸੁਖਵਿੰਦਰ ਸਿੰਘ , ਗੋਬਿੰਦ ਸਿੰਘ ਸੱਲ ਪਲਾਹੀ, ਸੁਖਵਿੰਦਰ ਸਿੰਘ ਸੱਲ ਪਲਾਹੀ, ਅਸ਼ੋਕ ਸ਼ਰਮਾ, ਮਾਸਟਰ ਮਲਕੀਤ ਸਿੰਘ, ਜਸਪ੍ਰੀਤ ਸੰਧੂ ਆਦਿ ਹਾਜ਼ਰ ਸਨ।