ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ ਦੇ ਨਾਲ-ਨਾਲ ਸਮਾਜ ਸੁਧਾਰਕ ਗਤੀਵਿਧੀਆ ਵਿੱਚ ਵੀ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਹੈ। ਇਸੇ ਤਹਿਤ ਕਾਲਜ ਦੁਆਰਾ ਸਮਾਜ ਸੇਵੀ ਸੰਸਥਾ ਸ. ਅਜੀਤ ਸਿੰਘ ਫਾਉਂਡੇਸ਼ਨ ਸੋਸਾਇਟੀ (ਰਜਿ) ਨਾਲ ਪਰਸਪਰ ਸਾਂਝ ਦਸਤਾਵੇਜ਼ (ਐਮ.ਓ.ਯੂ) ’ਤੇ ਦਸਤਖ਼ਤ ਕੀਤ ਗਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਫਾਉਂਡੇਸ਼ਨ ਦੇ ਪ੍ਰਧਾਨ ਮੈਡਮ ਰਮਨਜੀਤ ਕੌਰ ਨੇ ਐਮ.ਓ.ਯੂ. ’ਤੇ ਦਸਤਖਤ ਕਰਦਿਆਂ ਸਾਂਝੇ ਬਿਆਨ ਵਿੱਚ ਕਿਹਾ ਕਿ ਫਾਉਂਡੇਸ਼ਨ ਦੁਆਰਾ ਸ਼ੁਰੂ ਕੀਤੇ ਗਏ ਹਰੀਆਂ ਚਿੜੀਆ ਨਾਂ ਦੇ ਪ੍ਰੋਜੈਕਟ ਰਾਹੀਂ ਕੁੜੀਆਂ/ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਦੋਵੇਂ ਸੰਗਠਨ ਇੱਕ ਦੂਜੇ ਦਾ ਸਹਿਯੋਗ ਕਰਨਗੇ। ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਉਹ ਆਪ ਨਿੱਜੀ ਤੌਰ ’ਤੇ ਅਤੇ ਉਨ੍ਹਾਂ ਦਾ ਵਿੱਦਿਅਕ ਅਦਾਰਾ ਹਮੇਸ਼ਾ ਹੀ ਨੌਜਵਾਨਾਂ ਤੇ ਲੜਕੀਆਂ ਦੇ ਸਸ਼ਕਤੀਕਰਨ ਲਈ ਯਤਨਸ਼ੀਲ ਰਹਿੰਦੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਲੱਖਾਂ ਲੋਕਾਂ ਨੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਜੇਕਰ ਫਾਉਂਡੇਸ਼ਨ ਦੁਆਰਾ ਸਾਡੀ ਸੰਸਥਾ ਨਾਲ ਮਿਲ ਕੇ ਅਜਿਹੇ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਦਾ ਕੰਮ ਕੀਤਾ ਜਾਵੇ ਤਾਂ ਇਹ ਬਹੁਤ ਸਕਾਰਾਤਮਕ ਤੇ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਸ. ਅਜੀਤ ਸਿੰਘ ਫਾਉਂਡੇਸ਼ਨ ਸੁਸਾਇਟੀ (ਰਜਿ.) ਜਲੰਧਰ ਇਸ ਖੇਤਰ ਵਿੱਚ ਬਹੁਤ ਗੁਣਾਤਮਕ ਤੇ ਗਿਣਾਤਮਕ ਕਾਰਜ ਕਰ ਰਹੀ ਹੈ। ਫਾਉਂਡੇਸ਼ਨ ਦੀ ਪ੍ਰਧਾਨ ਮੈਡਮ ਰਮਨਪੀਤ ਕੌਰ ਨੇ ਦੱਸਿਆ ਕਿ ਹਰੀਆਂ ਚਿੜੀਆਂ ਪ੍ਰੋਜੈਕਟ ਨਾਲ ਜੁੜੀਆਂ ਕੋਈ ਦੱਸ ਕੁ ਦੇ ਕਰੀਬ ਕੁੜੀਆਂ ਨੇ ਪੁਰਾਣੇ ਕਪੜਿਆਂ ਦੀ ਮੁੜ ਵਰਤੋਂ ਕਰਦੇ ਹੋਏ ਕਈ ਪੱਖਾਂ ਤੋਂ ਲਾਹੇਵੰਦ ਪਹਿਲਕਦਮੀ ਕੀਤੀ ਹੈ। ਘਰਾਂ ਵਿੱਚ ਫ਼ਾਲਤੂ ਕਪੜਿਆਂ ਦੀ ਜਿੱਥੇ ਸਾਂਭ ਸੰਭਾਲ ਬੜੀ ਮੁਸ਼ਕਿਲ ਹੁੰਦੀ ਹੈ ਉਥੇ ਹੀ ਇਸ ਨਾਲ ਸ਼ਹਿਰ iੱਵਚ ਪੈਦਾ ਹੋਣ ਵਾਲੇ ਕੂੜੇ ਵਿੱਚ ਵੀ ਇਜ਼ਾਫਾ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਵਰਤੇ ਜਾਂਦੇ ਥੈਲਿਆਂ ਦੀ ਵਰਤੋਂ ਬੰਦ ਹੋਣ ਕਰਕੇ ਹੀ ਸਿੰਗਲ ਯੂਜ਼ ਪਲਾਸਿਟਕ ਦਾ ਰੂਝਾਨ ਵਧਿਆ ਹੈ ਜੋ ਵਾਤਾਵਰਣ ਅਤੇ ਹਰ ਪ੍ਰਕਾਰ ਦੇ ਜੀਵਨ ਲਈ ਹਾਨੀਕਾਰਕ ਹੈ। ਇਨ੍ਹਾਂ ਸਾਰੀਆਂ ਸਮਸਿਆਵਾਂ ਦੇ ਹੱਲ ਵੱਜੋਂ ਹੀ ‘ਹਰੀਆਂ ਚਿੜੀਆਂ ਨਾਮ ਹੇਠ ਇਹ ਪ੍ਰੋਜੈਕਟ ਆਰੰਭ ਕੀਤਾ ਗਿਆ ਹੈ ਜਿਸ ਤਹਿਤ ਵੱਖ-ਵੱਖ ਥਾਵਾਂ ਤੋਂ ਪੁਰਾਣੇ ਕਪੜੇ ਇੱਕਠੇ ਕੀਤੇ ਜਾਂਦੇ ਹਨ। ਸ. ਅਜੀਤ ਸਿੰਘ ਫ਼ਾਉੇਂਡੇਸ਼ਨ ਨਾਲ ਜੁੜੀਆ ਕੁੜੀਆਂ ਇਨ੍ਹਾਂ ਕਪੜਿਆਂ ਤੋਂ ਥੈਲੇ, ਮਾਸਕ, ਪਰਸ, ਗੱਦੀਆਂ ਅਤੇ ਹੋਰ ਵਰਤੋਂ ਦਾ ਸਮਾਨ ਤਿਆਰ ਕਰਦੀਆਂ ਹਨ। ਇਸ ਪ੍ਰੋਜੈਕਟ ਨਾਲ ਜੁੜੀਆਂ ਮੈਂਬਰਸ ਪੁਰਾਣੇ ਕਪੜਿਆਂ ਤੋਂ ਤਿਆਰ ਕੀਤੇ ਇਸ ਸਮਾਨ ਨੂੰ ਬੜੇ ਹੀ ਵਾਜਬ ਮੁੱਲ ’ਤੇ ਵੇਚ ਕੇ ਆਪਣੇ ਲਈ ਆਰਥਿਕ ਸਾਧਨ ਜੁਟਾਉਂਦਿਆਂ ਹਨ। ਇਹ ਕੁੜੀਆਂ ਲੋਕਾਂ ਨੂੰ ਕਪੜੇ ਦੇ ਬਣੇ ਥੈਲੇ ਅਤੇ ਵਿਸ਼ੇਸ਼ ਕਰਕੇ ਪੁਰਾਣੇ ਕਪੜਿਆ ਤੋਂ ਬਣੇ ਥੈਲੇ ਅਤੇ ਹੋਰ ਸਾਮਾਨ ਵਰਤਣ ਲਈ ਵੀ ਪ੍ਰਰਿਤ ਕਰਦੀਆਂ ਹਨ ਤਾਂ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਈ ਜਾ ਸਕੇ ਅਤੇ ਵਾਤਾਵਰਣ ਦੀ ਸੰਭਾਲ ਵੀ ਕੀਤੀ ਜਾ ਸਕੇ। ਡਾ. ਗਗਨਦੀਪ ਕੌਰ, ਕਨਵੀਨਰ ਗ੍ਰੀਵੈਂਸ ਐਂਡ ਰਿਡਰੈਸਲ ਸੈੱਲ ਵੱਲੋਂ ਇਸ ਪ੍ਰੋਜੈਕਟ ਅਧੀਨ ਲੜਕੀਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਰੋਜ਼ਗਾਰ ਪ੍ਰਾਪਤੀ ਲਈ ਸਾਲ ਭਰ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਏ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਦਾ ਕਾਲਜ ਅਤੇ ਸਮਾਜ ਸੇਵਾ ਆਪਸੀ ਸਹਿਯੋਗ ਨਾਲ ਕੰਮ ਕਰਨਗੇ। ਇਸ ਮੌਕੇ ਹਰੀਆ ਚਿੜੀਆਂ ਪ੍ਰੋਜੈਕਟ ਮੈਂਬਰ ਮਨਪ੍ਰੀਤ ਕੌਰ ਅਤੇ ਨਤਾਸ਼ਾ ਤੋਂ ਇਲਾਵਾ ਪ੍ਰੋ. ਜਸਵਿੰਦਰ ਕੌਰ ਮੁਖੀ ਜੂਆਲੋਜੀ ਵਿਭਾਗ, ਪ੍ਰੋ. ਮਨਪ੍ਰੀਤ ਸਿੰਘ ਲਹਿਲ ਡੀਨ ਈ-ਡਾਟਾ ਮੈਨੇਜਮੈਂਟ ਸੈੱਲ, ਪ੍ਰੋ. ਗਗਨਦੀਪ ਸਿੰਘ ਡੀਨ ਐਡਮੀਸ਼ਨ, ਡਾ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਵੈਲਫੇਅਰ, ਡਾ. ਉਪਮਾ ਅਰੋੜਾ, ਪ੍ਰੋ. ਹਮਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਆਦਿ ਹਾਜ਼ਰ ਸਨ।