ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਐਸੋਸੀਏਸ਼ਨ ਦੇ
ਪ੍ਰਧਾਨ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ 31 ਅਗਸਤ ਤੱਕ
ਬਿਨ੍ਹਾਂ ਲੇਟ ਫੀਸ ਦਾਖਲਾ ਲੈਣ ਲਈ ਅਪੀਲ ਕੀਤੀ ਹੈ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ
ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਅੰਡਰ ਗ੍ਰੈਜੂਏਸ਼ਨ ਕਲਾਸਾਂ ਦੇ ਪਹਿਲੇ, ਤੀਜੇ,
ਪੰਜਵੇ ਤੇ ਸੱਤਵੇਂ ਸਮੈਸਟਰ ਅਤੇ ਪੀ.ਜੀ. ਕਲਾਸਾਂ ਦੇ ਤੀਜੇ ਸਮੈਸਟਰ ਵਿੱਚ ਦਾਖਲੇ ਲਈ ਬਿਨ੍ਹਾਂ ਲੇਟ
ਫੀਸ 31 ਅਗਸਤ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਪਿੱਛੋਂ ਲੇਟ ਫੀਸ ਨਾਲ ਦਾਖ਼ਲਾ
ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਜੁਲਾਈ 2021 ਦੌਰਾਨ ਅੰਡਰ
ਗ੍ਰੈਜੂਏਸ਼ਨ ਕੋਰਸਾਂ ਵਿੱਚ ਛੇਵੇਂ ਸਮੈਸਟਰ ਦੀ ਪ੍ਰੀਖਿਆ ਦਿੱਤੀ ਹੈ, ਪਰ ਨਤੀਜਾ ਅਜੇ ਤੱਕ
ਘੋਸ਼ਿਤ ਨਹੀਂ ਹੋਇਆ, ਉਹ ਵਿਦਿਆਰਥੀ ਵੀ ਪੋਸਟ ਗ੍ਰੈਜੂਏਸ਼ਨ ਕਲਾਸਾਂ ਦੇ ਪਹਿਲੇ ਸਮੈਸਟਰ
ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਛੇਵੇਂ ਸਮੈਸਟਰ ਵਿੱਚ ਰੀਅਪੀਅਰ
ਜਾਂ ਫੇਲ ਹੋ ਜਾਂਦਾ ਹੈ ਤਾਂ ਕਾਲਜ ਦੁਆਰਾ ਵਿਦਿਆਰਥੀ ਦੀ ਪੀ.ਜੀ. ਕਲਾਸ ਦੀ ਦਾਖਲਾ ਫੀਸ ਵਾਪਸ ਕਰ
ਦਿੱਤੀ ਜਾਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਵਿੱਚ
ਆਪਣਾ ਦਾਖਲਾ ਕਰਵਾ ਲੈਣ ਤਾਂ ਕਿ ਉਹ ਲੇਟ ਫੀਸ ਤੋਂ ਬਚ ਸਕਣ ਅਤੇ ਉਨ੍ਹਾਂ ਦਾ ਸਿਲੇਬਸ
ਨਿਰਧਾਰਤ ਸਮੇਂ ਵਿੱਚ ਪੂਰਾ ਕਰਵਾਇਆ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ
ਉਹ ਆਪਣੇ ਬੱਚਿਆ ਦੀ ਪੜ੍ਹਾਈ ਦੇ ਮੱਦੇਨਜ਼ਰ ਉਨ੍ਹਾਂ ਦਾ ਦਾਖਲਾ ਕਾਲਜਾਂ ਵਿੱਚ ਜਲਦੀ
ਕਰਵਾਉਣ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਸੰਬੰਧੀ ਸਰਕਾਰ
ਦੁਆਰਾ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਕਾਲਜਾਂ ਵਿੱਚ ਦਾਖਲੇ ਲਈ ਜਾਣਾ ਚਾਹੀਦਾ ਹੈ।
ਉਨ੍ਹਾਂ ਇਸ ਮੌਕੇ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ ਨੂੰ ਕੋਵਿਡ-19 ਦੇ ਮੱਦੇਨਜ਼ਰ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਹਿੱਤ ਨੂੰ ਦੇਖਦੇ
ਹੋਏ ਬਿਨ੍ਹਾਂ ਲੇਟ ਫੀਸ ਦਾਖਲੇ ਦੀ ਮਿਤੀ ਵਿੱਚ 10 ਤੋਂ 15 ਦਿਨ ਦਾ ਵਾਧਾ ਕਰਨ ਦੀ ਅਪੀਲ ਕੀਤੀ।