ਫਗਵਾੜਾ 28 ਅਗਸਤ (ਸ਼ਿਵ ਕੋੜਾ) ਇੰਡੀਅਨ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਨੇ ਅੱਜ ਸ਼ਾਮ ਇਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਤਾਜਾ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਜੋ ਨਵੀਂ ਲਿਸਟ ਬੀਤੇ ਦਿਨ ਜਾਰੀ ਕੀਤੀ ਗਈ ਸੀ ਉਸ ਨੂੰ ਫਾਈਨਲ ਨਾ ਸਮਝਿਆ ਜਾਵੇ ਕਿਉਂਕਿ ਇਸ ਵਿਚ ਕਈ ਨਾਮ ਹਟਾਏ ਜਾਣੇ ਹਨ ਤੇ ਕਈ ਨਵੇਂ ਨਾਮ ਸ਼ਾਮਲ ਕੀਤੇ ਜਾਣੇ ਹਨ। ਉਹਨਾਂ ਕਿਹਾ ਕਿ ਕੁੱਝ ਮੁੱਦਿਆ ਨੂੰ ਲੈ ਕੇ ਰਾਸ਼ਟਰੀ ਕਾਰਜਕਾਰਣੀ ‘ਚ ਵਿਚਾਰਾਂ ਤੋਂ ਬਾਅਦ ਲਿਸਟ ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਇੱਥੇ ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜਾਰੀ ਹੋਈ ਇੰਡੀਅਨ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਨਵੀਂ ਲਿਸਟ ਵਿਚ ਜਿਲ੍ਹਾ ਕਪੂਰਥਲਾ ਦੇ ਇਲੈਕਟਿਡ ਪ੍ਰਧਾਨ ਸੌਰਵ ਖੁੱਲਰ ਦੀ ਜਗ੍ਹਾ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਅਤੇ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਨੂੰ ਐਕਟਿੰਗ ਜਿਲ੍ਹਾ ਪ੍ਰਧਾਨ ਐਲਾਨਿਆ ਗਿਆ ਸੀ। ਜਿਸ ਨੂੰ ਲੈ ਕੇ ਜੋਗਿੰਦਰ ਸਿੰਘ ਮਾਨ ਗਰੁਪ ਵਿਚ ਕਾਫੀ ਉਤਸ਼ਾਹ ਸੀ ਤੇ ਹਰਜੀ ਮਾਨ ਨੇ ਆਪਣੀ ਜਿਲ੍ਹਾ ਯੂਥ ਪ੍ਰਧਾਨ ਵਜੋਂ ਨਿਯੁਕਤੀ ਦੇ ਚੰਦ ਘੰਟਿਆਂ ਬਾਅਦ ਹੀ ਸ਼ਹਿਰ ਵਿਚ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਦੀ ਨੀਤੀਆਂ ਖਿਲਾਫ ਪੁਤਲਾ ਫੂਕ ਮੁਜਾਹਰਾ ਕੀਤਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।