ਫਗਵਾੜਾ 4 ਸਤੰਬਰ (ਸ਼ਿਵ ਕੋੜਾ) ਨਜਦੀਕ ਪਿੰਡ ਵਿਰਕਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਗਾ  ਨੌਂਵੀ ਛਿੰਜ ਮੇਲਾ 8 ਤੇ 9 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਅੰਤਰ ਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਅਤੇ ਅੰਤਰਰਾਸਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਕੋਚ ਰਵਿੰਦਰ ਨਾਥ ਮੇਲੇ ਦੇ ਚੇਅਰਮੈਨ ਰਵੀ ਦੱਤ ਸ਼ਰਮਾ, ਪ੍ਰਧਾਨ ਕੁਲਵੀਰ ਸਿੰਘ ਸ਼ਿਦਾ ਪੰਚ, ਖਜਾਨਚੀ ਸੁਖਵਿੰਦਰ ਸਿੰਘ ਭੂਟੋ ਅਤੇ ਮੈਂਬਰ ਸ਼ਿਗਾਰਾ ਸਿੰਘ ਦੀ ਹਾਜਰੀ ‘ਚ ਦੱਸਿਆ ਕਿ 8 ਸਤੰਬਰ ਦਿਨ ਬੁੱਧਵਾਰ ਨੂੰ 18 ਸਾਲ ਤੋਂ ਹੇਠਲੇ ਪੱਧਰ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਮੈਟ ਉਪਰ ਅੰਤਰਰਾਸਟਰੀ ਨਿਯਮਾਂ ਮੁਤਾਬਿਕ ਹੋਣਗੀਆਂ ਜਿਸ ਵਿਚ ਪੰਜਾਬ ਭਰ ਤੋਂ ਪਹੁੰਚੇ ਚੋਟੀ ਦੇ ਪਹਿਲਵਾਨ ਲੜਕੇ ਅਤੇ ਲੜਕੀਆਂ ਆਪਣੇ ਜੋਹਰ ਵਿਖਾਉਣਗੇ। ਦੂਸਰੇ ਦਿਨ 9 ਸਤੰਬਰ ਵੀਰਵਾਰ ਨੂੰ  18 ਸਾਲ ਤੋਂ ਵਧੇਰੇ ਉਮਰ ਦੇ ਪਹਿਲਵਾਨਾਂ ਦੀਆਂ ਕੁਸ਼ਤੀਆ ਮਿੱਟੀ ਦੇ ਅਖਾੜੇ ਵਿਚ ਹੋਣਗੀਆਂ। ਪੱਟਕੇ ਦੀ ਕੁਸ਼ਤੀ ਸੁਖਪਾਲ ਸਿੰਘ ਨੈਸ਼ਨਲ ਮੈਡਲਿਸਟ ਰੇਲ ਕੋਚ ਫੇਕਟਰੀ ਅਤੇ ਧਰਮਿੰਦਰ ਸਿੰਘ ਕੁਰਾਲੀ ਨੈਸ਼ਨਲ ਚੈਂਪੀਅਨ ਵਿਚਕਾਰ ਹੋਏਗੀ। ਉਹਨਾਂ ਦੱਸਿਆ ਕਿ ਇਸ ਛਿੰਜ ਮੇਲੇ ਵਿਚ ਪਿੰਡ ਵਿਰਕਾਂ ਦੇ ਹੋਣਹਾਰ ਪਹਿਲਵਾਨ ਸੁਖਮਨ ਪ੍ਰੀਤ ਸਿੰਘ ਪੁੱਤਰ ਬਚਿਤ੍ਰ ਸਿੰਘ ਨੂੰ ਸ਼੍ਰੀ ਰਵੀ ਦੱਤ ਸ਼ਰਮਾ ਵਲੋਂ ਤਾਜੀ ਸੁਈ ਝੋਟੀ ਨਾਲ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਹੋਰ ਵੱਧੀਆ ਕੁਸ਼ਤੀ ਲੜ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇ। ਇਸੇ ਤਰਾਂ ਨਵੇਂ ਉਭਰਦੇ ਪਹਿਲਵਾਨਾਂ ਸ਼ਾਹਿਦ ਅਤੇ ਸਨੀ  ਨੂੰ ਅਸਟਰੇਲੀਆ ਦੇ ਪਹਿਲਵਾਨ ਰਾਜ ਕੁਮਾਰ ਵਲੋਂ ਤਿੰਨ ਤਿੰਨ ਕਿਲੋ ਬਦਾਮ ਅਤੇ ਦੋ ਦੋ ਕਿਲੋ ਦੇਸੀ ਘਿਉ ਦਿਤਾ ਜਾਵੇਗਾ। ਉਨਾਂ ਐਲਾਨ ਕੀਤਾ ਕਿ ਜਿਹੜਾ ਵੀ ਪਿੰਡ ਵਿਰਕਾ ਦਾ ਖਿਡਾਰੀ ਪੰਜਾਬ ਪੱਧਰ ਤੇ ਖੇਡੇਗਾ ਉਸ ਨੂੰ  ਅਗਲੇ ਸਾਲ ਵੱਡੇ ਪੱਧਰ ਤੇ ਸਨਮਾਨਤ ਕੀਤਾ ਜਾਵੇਗਾ।