ਜਲੰਧਰ : ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਲੈਕੇ ਬਣੀ ਕਨਫਿਊਜਨ ਤੋਂ ਬਾਅਦ ਹੁਣ ਮੁੱਖ ਮੰਤਰੀ ਨੂੰ ਲੈਕੇ ਤਸਵੀਰ ਸਾਫ ਹੋ ਗਈ ਹੈ। ਕਾਂਗਰਸ ਵੱਲੋਂ ਨਵਾਂ ਮੁੱਖ ਮੰਤਰੀ ਚਰਚਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ।ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਉਹ ਤੀਜੀ ਵਾਰ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। 16 ਮਾਰਚ 2017 ਨੂੰ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਸੀ।ਚਰਚਜੀਤ  ਸਿੰਘ ਚੰਨੀ, ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਜਨਮ 1 ਮਾਰਚ 1963 ਨੂੰ ਹੋਇਆ ਸੀ। ਚਰਨਜੀਤ ਚੰਨੀ ਮੁਹਾਲੀ ਖਰੜ ਦੇ ਵਸਨੀਕ ਹਨ, ਉਹ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਹਰਸ਼ਾ ਸਿੰਘ ਅਤੇ ਮਾਤਾ ਦਾ ਨਾਮ ਸਵਰਗੀ ਅਜਮੇਰ ਕੌਰ ਹੈ।

ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿੱਚ ਦਾਖਲਾ ਲਿਆ। ਉੱਚ ਸਿੱਖਿਆ ਅਤੇ ਉੱਥੋਂ ਉਨ੍ਹਾਂ ਆਪਣੀ ਗ੍ਰੈਜੂਏਸ਼ਨ ਕੀਤੀ, ਇਸ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਵੀ ਲਈ।ਚਰਨਜੀਤ ਚੰਨੀ ਹੈਂਡਬਾਲ ਦੇ ਖਿਡਾਰੀ ਰਹੇ ਹਨ ਅਤੇ ਉਹ ਹੈਂਡਬਾਲ ਵਿੱਚ ਤਿੰਨ ਵਾਰ ਯੂਨੀਵਰਸਿਟੀ ਗੋਲਡ ਮੈਡਲ ਜੇਤੂ ਰਹੇ ਹਨ। ਉਹ ਸਕੂਲ ਸਮੇਂ ਤੋਂ ਹੀ ਐਨਸੀਸੀ ਅਤੇ ਐਨਐਸਐਸ ਵਰਗੇ ਸਮਾਜਿਕ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਰਹੇ।

ਚਰਨਜੀਤ ਸਿੰਘ ਚੰਨੀ ਤਿੰਨ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਰਹੇ ਹਨ, ਉਹ ਇੱਕ ਦਲਿਤ ਆਗੂ ਹਨ। ਇਸ ਤੋਂ ਪਹਿਲਾਂ ਚੰਨੀ ਇੱਕ ਕੌਂਸਲਰ ਵੀ ਰਹੇ ਜਿਸ ਤੋਂ ਉਨ੍ਹਾਂ ਦੀ ਸਿਆਸੀ ਸਫਰ ਦੀ ਸ਼ੁਰੂਆਤ ਹੋਈ। ਉਹ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜਲੇ ਵੀ ਰਹੇ ਹਨ। 2007 ਵਿੱਚ ਉਹ ਪਹਿਲੀ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ। ਲਗਾਤਾਰ ਤਿੰਨ ਵਾਰ ਚੰਨੀ ਚਮਕੌਰ ਸਾਹਿਬ ਤੋਂ ਵਿਧਾਇਕ ਬਣੇ।ਚਰਨਜੀਤ ਚੰਨੀ ਵਿਰੋਧੀ ਧਿਰ ਦੇ ਆਗੂ ਵੀ ਰਹੇ ਜਿੱਥੇ ਉਨ੍ਹਾਂ ਨੇ ਅਕਾਲੀ ਦਲ ਦੇ ਵਿਰੁੱਧ ਕਾਂਗਰਸ ਦੀ ਮੁੱਖ ਵਿਰੋਧੀ ਪਾਰਟੀ ਹੋਣ ਦੇ ਕਾਰਜਕਾਲ ਵਿੱਚ ਅਹਿਮ ਭੂਮਿਕਾ ਨਿਭਾਈ। 2017 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਮੰਤਰੀ ਅਤੇ ਉਦਯੋਗਿਕ ਸਿਖਲਾਈ ਮੰਤਰੀ ਬਣਾਇਆ।