ਫਗਵਾੜਾ 27 ਅਕਤੂਬਰ (ਸ਼ਿਵ ਕੋੜਾ) ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੌਹਾਲੀ ਵੱਲੋਂ ਆਯੋਜਿਤ ਸਿਖਲਾਈ ਪ੍ਰੋਗਰਾਮ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੂੰ 73ਵੀਂ ਸੋਧ, ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤਾਂ ਬਾਰੇ ਮੁਢਲੀ ਜਾਣਕਾਰੀ, ਗਰਾਮ ਪੰਚਾਇਤ ਵਿਕਾਸ ਯੋਜਨਾ, ਜੀ.ਪੀ.ਡੀ.ਪੀ., 15ਵੇਂ ਵਿੱਤ ਕਮਿਸ਼ਨ ਅਤੇ ਹੋਰ ਸਕੀਮਾਂ ਨਾਲ ਕਨਵਰਜੈਂਸ, ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ, ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ, ਸਵੱਛ ਭਾਰਤ ਮਿਸ਼ਨ, ਆਜੀਵਕਾ ਮਿਸ਼ਨ, ਸਿਹਤ ਵਿਭਾਗ, ਮਗਨਰੇਗਾ, ਸਵੈ-ਰੁਜਗਾਰ ਦੀਆਂ ਸਕੀਮਾਂ ਤੋਂ ਇਲਾਵਾ ਗ੍ਰਾਮ ਪੰਚਾਇਤ ਦੇ ਆਮਦਨ ਦੇ ਸਾਧਨਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਪਿੰਡਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਛੇਵਾਂ ਕੈਂਪ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਪਿ੍ਰੰਸੀਪਲ ਹਰਭਜਨ ਸਿੰਘ ਸੈਣੀ ਅਤੇ ਪ੍ਰਭਜੋਤ ਕੌਰ ਰਿਸੋਰਸ ਪਰਸਨ (ਐਸ.ਆਈ.ਆਰ.ਡੀ.) ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਪਿੰਡਾਂ ਦੇ ਵਿਕਾਸ ਲਈ ਚੱਲ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਏ ਹੋਏ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇੰਨ੍ਹਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਾਜਰ ਹੋ ਕੇ ਪਿੰਡਾਂ ਦੇ ਵਧੀਆਂ ਗਰਾਮ ਪੰਚਾਇਤ ਵਿਕਾਸ ਯੋਜਨਾਵਾਂ ਤਿਆਰ ਕਰਵਾ ਕੇ ਆਪੋ ਆਪਣੇ ਪਿੰਡਾ ਦਾ ਸਰਵਪੱਖੀ ਵਿਕਾਸ ਕਰਵਾਉਣ ਦੀ ਅਪੀਲ ਕੀਤੀ। ਉਹਨਾਂ ਆਰ.ਟੀ.ਆਈ. ਰਾਹੀਂ ਸਰਪੰਚਾਂ ਤੇ ਪੰਚਾਂ ਨੂੰ ਮਹੱਤਵਪੂਰਣ ਜਾਣਕਾਰੀਆਂ ਪ੍ਰਾਪਤ ਕਰਨ ਬਾਰੇ ਵੀ ਦੱਸਿਆ। ਕੈਂਪ ਵਿਚ ਸ਼ਾਮਲ ਹੋਣ ਵਾਲੇ ਪੰਚਾਂ ਸਰਪੰਚਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਅੱਜ ਦੇ ਕੈਂਪ ਵਿਚ ਹੋਰਨਾਂ ਤੋਂ ਇਲਾਵਾ ਪੰਚਾਇਤ ਸਕੱਤਰ ਸੰਜੀਵ ਕੁਮਾਰ, ਸਰਪੰਚ ਸੰਤੋਸ਼ ਰਾਣੀ ਖੇੜਾ, ਸੁਲੱਖਣ ਸਿੰਘ ਮੌਲੀ, ਦੇਸਰਾਜ ਝੱਲੀ ਭਾਣੋਕੀ, ਸੁਰਿੰਦਰ ਕੁਮਾਰ ਨੰਗਲ ਅਤੇ ਬੀਬੀ ਰਣਜੀਤ ਕੌਰ ਖੰਗੂੜਾ ਤੋਂ ਇਲਾਵਾ ਮੈਂਬਰ ਪੰਚਾਇਤ ਸੁਰਜੀਤ ਕੁਮਾਰ, ਚੰਦਰ ਹੰਸ, ਗੁਰਬੀਰ ਸਿੰਘ, ਸੋਹਨ ਲਾਲ, ਜਯੋਤੀ, ਰਾਜਰਾਣੀ, ਗੁਰਬਖਸ਼ ਕੌਰ, ਆਸ਼ਾ ਰਾਣੀ, ਸਵਰਨ ਕੌਰ, ਗੁਰਦੀਪ ਸਿੰਘ ਖੇੜਾ, ਰਣਜੀਤ ਸਿੰਘ ਅਤੇ ਰਿਤੂ ਰਾਣੀ ਆਦਿ ਹਾਜਰ ਸਨ।