ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਕਲਚਰਲ ਖੇਤਰ ਵਿੱਚ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ‘ਸੀ’ ਜ਼ੋਨ ਦੀ ਫਸਟ ਰੱਨਰਅਪ ਟ੍ਰਾਫ਼ੀ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਏ ਇਸ ਯੁਵਕ ਮੇਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ ਜਿਲ੍ਹਾ ਜਲੰਧਰ ਦੇ 16 ਕਾਲਜਾਂ ਨੇ ਭਾਗ ਲਿਆ। ਜਿਸ ਵਿੱਚ ਕਾਲਜ ਨੇ ਯੂਨੀਵਰਸਿਟੀ ਦੁਆਰਾ ਕਰਵਾਏ ਜਾਂਦੇ 36 ਈਵੈਂਟ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ 124 ਅੰਕ ਪ੍ਰਾਪਤ ਕਰਕੇ ਇਹ ਟ੍ਰਾਫ਼ੀ ਜਿੱਤੀ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਨੇ 05 ਆਈਟਮਾਂ ਵਿੱਚ ਪਹਿਲਾ ਸਥਾਨ, 22 ਵਿੱਚ ਦੂਜਾ ਸਥਾਨ ਅਤੇ 05 ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਇਹ ਟ੍ਰਾਫੀ ਆਪਣੇ ਨਾਂ ਕੀਤੀ ਹੈ। ਉਹਨਾਂ ਦੱਸਿਆ ਕਿ ਸਾਰੀਆਂ ਟੀਮਾਂ ਦੇ ਅਧਿਆਪਕ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਹੀ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਤੇ ਲਗਨ ਦੀ ਹਮੇਸ਼ਾਂ ਸ਼ਲਾਘਾ ਕਰਦਾ ਹੈ ਤੇ ਉਹਨਾਂ ਦੇ ਹਰ ਪੱਖੋਂ ਵਿਕਾਸ ਲਈ ਵਚਨਬਧ ਹੈ। ਕਾਲਜ ਦੁਆਰਾ ਆਈਟਮ ਵਾਰ ਦਰਜ ਕੀਤੀਆਂ ਜਿੱਤਾਂ:- ਪਹਿਲਾ ਸਥਾਨ:- ਫੋਕ-ਆਰਕੈਸਟਰਾ, ਕਵਿਸ਼ਰੀ, ਫੋਕ ਸੌਂਗ, ਗੀਤ/ਗਜ਼ਲ, ਲੁੱਡੀ। ਦੂਜਾ ਸਥਾਨ:- ਭੰਗੜਾ, ਗਰੁੱਪ ਸ਼ਬਦ, ਕਲਾਸੀਕਲ ਇੰਸਟਰੂਮੈਂਟ (ਪ੍ਰਕਸ਼ਨ), ਕਲਾਸੀਕਲ ਇੰਸਟਰੂਮੈਂਟ (ਨਾਨ-ਪ੍ਰਕਸ਼ਨ), ਕਲਾਸੀਕਲ ਵੋਕਲ, ਕਲੇ ਮਾਡਲਿੰਗ, ਕੋਲਾਜ਼, ਕਾਰਟੂਨਿੰਗ, ਕਾਸਟਿਅਮ ਪਰੇਡ, ਸਕਿੱਟ, ਮਿਮੀਕਰੀ, ਮਾਈਮ, ਵਨ ਐਕਟ ਪਲੇ, ਵਾਰ ਸਿੰਗਿੰਗ, ਮਹਿੰਦੀ, ਵੈਸਟਰਨ ਵੋਕਲ ਸੋਲੋ, ਵੈਸਟਰਨ ਇੰਟਰੂਮੈਂਟ ਸੋਲੋ, ਵੈਸਟਰਨ ਗਰੁੱਪ ਸੌਂਗ, ਪੋਇਟੀਕਲ ਸੰਪੋਸੀਅਮ, ਐਲੋਕਿਊਸ਼ਨ, ਡੀਬੇਟ, ਗਿੱਧਾ। ਤੀਜਾ ਸਥਾਨ:- ਗਰੁੱਪ ਸੌਂਗ (ਇੰਡੀਅਨ), ਪੇਟਿੰਗ ਔਨ ਦੀ ਸਪਾਟ, ਪੋਸਟਰ ਮੇਕਿੰਗ, ਇੰਟਾਲੇਸ਼ਨ, ਕਲਾਸੀਕਲ ਡਾਂਸ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਮੂਹ ਟੀਮ ਇੰਚਾਰਜਾਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਯੁਵਕ ਮੇਲੇ ਦੀ ਟ੍ਰਾਫੀ ਜਿੱਤਣ ਦੀ ਵਧਾਈ ਦਿੱਤੀ ਅਤੇ ਲਗਾਤਾਰ ਸਖਤ ਮਿਹਨਤ ਕਰਦਿਆਂ ਜਿੱਤਾਂ ਦਾ ਸਫ਼ਰ ਜਾਰੀ ਰੱਖਣ ਲਈ ਕਿਹਾ। ਉਹਨਾਂ ਕਿਹਾ ਦਸੰਬਰ 2021 ਵਿਚ ਹੋਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ-ਜੋਨਲ ਯੁਵਕ ਮੇਲੇ ਵਿੱਚ ਵੀ ਕਾਲਜ ਦੇ ਵਿਦਿਆਰਥੀ ਕਲਾਕਾਰ ਆਪਣਾ ਸਰਵ ਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਡਾ. ਸਮਰਾ ਨੇ ਕਿਹਾ ਕਿ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਦੀ ਸੁਯੋਗ ਅਗਵਾਈ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਪ੍ਰਾਪਤੀਆਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਪ੍ਰਤੀਬਧ ਹੈ।