ਜਲੰਧਰ :ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਵੱਲੋਂ ਪਿੰਡ ਜੌਹਲ ਅਤੇ ਬੋਲੀਨਾ ਦੁਆਬਾ ਵਿਚ ਆਯੋਜਿਤ ਸੱਤ ਰੋਜ਼ਾ ਵਿਸ਼ੇਸ਼ ਕੈਂਪ ਵਲੰਟੀਅਰਾਂ ਅਤੇ ਨਾਗਰਿਕਾਂ ਦੀਆਂ ਯਾਦਾਂ ਵਿੱਚ ਅਮਿੱਟ ਪੈੜਾਂ ਦੇ ਨਿਸ਼ਾਨ ਛੱਡ ਗਿਆ। ਇਸ ਕੈਂਪ ਦੇ ਵਿਸ਼ੇ ਸਵੱਛਤਾ, ਸਮਾਜਿਕ ਜਾਗਰੂਕਤਾ ਅਤੇ ਸ਼ਖਸੀਅਤ ਵਿਕਾਸ ਸਨ। ਕੈਂਪ ਦੇ ਸੱਤਵੇਂ ਦਿਨ ਸਮਾਪਤੀ ਸਮਾਗਮ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਨ.ਐਸ.ਐਸ. ਟੀਮ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਲੰਟੀਅਰਾਂ ਵੱਲੋਂ ਸ਼ਬਦ ਗਾਇਨ ਪੇਸ਼ ਕੀਤੇ ਗਏ ਅਤੇ ਕੈਂਪ ਦੇ ਤਜ਼ਰਬੇ ਸਾਂਝੇ ਕਰਨ ਉਪਰੰਤ ਚੀਫ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਕੈਂਪ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਜੌਹਲ ਅਤੇ ਬੋਲੀਨਾ ਦੁਆਬਾ ਵਿਖੇ ਸਵੱਛਤਾ ਅਭਿਆਨ ’ਤੇ ਨੁੱਕੜ ਨਾਟਕ ਕੈਂਪ ਦੀਆਂ ਵਿਸ਼ੇਸ਼ਤਾਵਾਂ ਸਨ। ਇਸ ਮੌਕੇ ਵੋਟਰ ਜਾਗਰੂਕਤਾ, ਬਰਸਾਤੀ ਪਾਣੀ ਦੀ ਸੰਭਾਲ, ਨਸ਼ਾ ਮੁਕਤੀ ਅਤੇ ਖੂਨਦਾਨ ਸਬੰਧੀ ਰੈਲੀਆਂ ਤੋਂ ਇਲਾਵਾ ਪਾਣੀ ਦੇ ਪ੍ਰਦੂਸ਼ਣ ਅਤੇ ਪਾਣੀ ਦੀ ਸੰਭਾਲ ਸਬੰਧੀ ਪਿੰਡ ਵਿੱਚ ਸਰਵੇਖਣ ਕੀਤਾ ਗਿਆ। ਸਵੱਛਤਾ ਮੁਹਿੰਮ ਤਹਿਤ ਵਲੰਟੀਅਰਾਂ ਨੇ ਪਿੰਡ, ਲਾਇਲਪੁਰ ਖ਼ਾਲਸਾ ਕਾਲਜ ਹਾਲਟ, ਕਾਲਜ ਕੈਂਪਸ ਅਤੇ ਲਾਇਬ੍ਰੇਰੀ ਦੀ ਸਫ਼ਾਈ ਕੀਤੀ ਅਤੇ ਸਵੈ ਸੇਵਾ ਦੀ ਕਲਾ ਸਿੱਖੀ। ਇਸ ਕੈਂਪ ਦੌਰਾਨ ਏ.ਡੀ.ਸੀ. ਅਰਬਨ ਡਿਵੈਲਪਮੈਂਟ ਆਈ.ਏ.ਐਸ. ਹਿਮਾਂਸ਼ੂ ਜੈਨ, ਪਿੑੰਸੀਪਲ ਡਾ. ਸਮਰਾ, ਨੈਸ਼ਨਲ ਅਵਾਰਡੀ ਸੁਰਿੰਦਰ ਸੈਣੀ ਅਤੇ ਸਵੀਪ ਦੇ ਜ਼ਿਲ੍ਹਾ ਅਸਿਸਟੈਂਟ ਨੋਡਲ ਅਫ਼ਸਰ ਸੁਰਜੀਤ ਲਾਲ ਵੱਲੋਂ ਪ੍ਰੇਰਣਾਦਾਇਕ ਲੈਕਚਰ ਦਿੱਤੇ ਗਏ। ਪ੍ਰਿੰਸੀਪਲ ਡਾ. ਸਮਰਾ ਨੇ ਆਪਣੇ ਸੰਬੋਧਨ ਵਿਚ ਵਲੰਟੀਅਰਾਂ ਨੂੰ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ’ਤੇ ਵਧਾਈ ਦਿੱਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਅੱਗੇ ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਸਮਾਜਿਕ ਕਾਰਜਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਹ ਵਿਦਿਆਰਥੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰਦਾਨ ਕੀਤੇ ਮੌਕਿਆਂ ਦਾ ਲਾਭ ਉਠਾਉਣ। ਚੀਫ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਕਿਹਾ ਕਿ ਇਹ ਵਲੰਟੀਅਰ ਸ਼ਹਿਰ ਅਤੇ ਪਿੰਡਾਂ ਦੇ ਸੱਭਿਆਚਾਰਾਂ ਵਿਚਕਾਰ ਕੜੀ ਹਨ। ਇਹ ਐਨ.ਐਸ.ਐਸ. ਕੈਂਪ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਭਵਿੱਖ ਦੇ ਯਤਨਾਂ ਲਈ ਤਿਆਰ ਕਰਦੇ ਹਨ। ਸਮਾਗਮ ਦੌਰਾਨ ਕਾਲਜ ਦੀ ਐਨ.ਐਸ.ਐਸ. ਯੂਨਿਟ ਨੂੰ ਐਨਐਸਐਸ ਕੈਪਾਂ, ਟੀ-ਸ਼ਰਟਾਂ ਅਤੇ ਟਰੈਕ ਸੂਟ ਭੇਟ ਕੀਤੇ ਗਏ। ਮਨਿੰਦਰਜੀਤ ਸਿੰਘ, ਜ਼ੋਰਾਵਰ ਸਿੰਘ, ਦਿਸ਼ਾ ਵਿੱਜ ਅਤੇ ਲਵਪ੍ਰੀਤ ਕੌਰ ਨੂੰ ਸਰਵੋਤਮ ਕੈਂਪਰ ਚੁਣਿਆ ਗਿਆ। ਪੂਰੇ ਕੈਂਪ ਦਾ ਪ੍ਰਬੰਧ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ, ਡਾ. ਅਮਨਦੀਪ ਕੌਰ ਅਤੇ ਡਾ. ਨਵਨੀਤ ਅਰੋੜਾ ਨੇ ਕੀਤਾ।