ਜਲੰਧਰ, 31 ਮਈ
ਕਮਿਸ਼ਨਰੇਟ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਬੰਦੂਕ ਦੀ ਨੋਕ ’ਤੇ ਦੁਆਬਾ ਚੌਕ ਤੋਂ ਕਾਰ ਖੋਹਣ ਦੀ ਵਾਰਦਾਤ ਨੂੰ 72 ਘੰਟਿਆਂ ਦੇ ਵਿੱਚ-ਵਿੱਚ ਸੁਲਝਾ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਕਾਰ ਖੋਹਣ ਦੇ ਕੇਸ ਨੂੰ ਮਨੁੱਖੀ ਅਤੇ ਤਕਨੀਕੀ ਸੂਝਬੂਝ ਦੀ ਮਦਦ ਨਾਲ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆਕਿ ਸਬ ਵੇਅ ਨੇੜੇ ਦੁਆਬਾ ਚੌਕ ਤੋਂ 27-28 ਮਈ ਦੀ ਸ਼ਾਮ ਨੂੰ ਸਵਿੱਫ਼ਟ ਡਿਜ਼ਾਇਰ ਕਾਰ ਨੰਬਰ ਪੀ.ਬੀ. 08 ਡੀਜੇ 4789 ਨੂੰ ਬੰਦੂਕ ਦੀ ਨੋਕ ’ਤੇ ਖੋਹ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨ ਤੇਜਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਗੁਰਬਾਜ਼ ਸਿੰਘ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਕ ਇਤਿਲਾਹ ’ਤੇ ਛੇ ਮੁਲਜ਼ਮਾਂ ਕਰਨ ਪੁੱਤਰ ਰਾਮ ਪਾਲ , ਸੌਰਭ ਪੁੱਤਰ ਸੁਰਿੰਦਰ ਪਾਲ, ਰਾਜਪਾਲ ਪੁੱਤਰ ਬਲਵਿੰਦਰ ਸਿੰਘ, ਅਤੁਲ ਪੁੱਤਰ ਰਾਜ ਕੁਮਾਰ, ਮੋਹਿਤ ਸਿੱਕਾ ਪੁੱਤਰ ਜੋਗਿੰਦਰ ਪਾਲ ਅਤੇ ਅੰਕਿਤ ਪੁੱਤਰ ਰਾਜਿੰਦਰ ਕੁਮਾਰ ਦੀ ਪਹਿਚਾਣ ਕੀਤੀ ਗਈ ਹੈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਖੋਹਣ ਤੋਂ ਬਾਅਦ ਮੁਲਜ਼ਮਾਂ ਵਲੋਂ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਹ ਕਾਰ ਨੂੰ ਉਥੇ ਹੀ ਛੱਡ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਕਾਰ ਖੋਹਣ ਦੀ ਬਾਰੀਕੀ ਨਾਲ ਪੜਤਾਲ ਕਰਦਿਆਂ ਪੁਲਿਸ ਵਲੋਂ ਇਨ੍ਹਾਂ ਮੁਲਜ਼ਮਾਂ ਨੂੰ ਫੜਿਆ ਗਿਆ ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਅਗਲੇਰੀ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਖੋਹੀ ਹੋਈ ਕਾਰ ਦੇ ਨਾਲ ਮੁਲਜ਼ਮਾਂ ਪਾਸੋਂ ਅਨੇਕਾਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸੀ.ਆਈ.ਏ. ਇੰਚਾਰਜ ਸੁਖਦੀਪ ਸਿੰਘ ਅਤੇ ਉਸ ਦੀ ਟੀਮ ਵਲੋਂ ਇਸ ਕੇਸ ਨੂੰ 72 ਘੰਟਿਆਂ ਦੇ ਵਿੱਚ-ਵਿੱਚ ਹੱਲ ਕਰਨ ਲਈ ਕੀਤੇ ਗਏ ਯਤਨਾਂ ਦ ਭਰਪੂਰ ਸ਼ਲਾਘਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਟੀਮ ਜਿਸ ਨੇ ਇਸ ਕੇਸ ਨੂੰ ਸੁਲਝਾਇਆ ਹੈ ਦਾ ਬਣਦਾ ਸਨਮਾਨ ਕੀਤਾ ਜਾਵੇਗਾ।