ਜਲੰਧਰ,30 ਅਪ੍ਰੈਲ (ਨਿਤਿਨ ) :
ਪੰਜਾਬ ਸਰਕਾਰ ਨੇ ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਤੇ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਇੱਕ ਸਾਲ ਵਿੱਚ 28 ਹਜ਼ਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਹੈ।ਲੇਕਿਨ ਬੇਰੁਜ਼ਗਾਰਾਂ ਵੱਲੋਂ ਸਰਕਾਰ ਦੇ ਦਾਅਵੇ ਨੂੰ ਬੇਬੁਨਿਆਦ ਕਹਿੰਦਿਆਂ ਜਲੰਧਰ ਜ਼ਿਮਨੀ ਚੋਣ ਵਿੱਚ ਸਰਕਾਰ ਦੀ ਪੋਲ ਖੋਲ੍ਹਣ ਦਾ ਐਲਾਣ ਕੀਤਾ ਗਿਆ ਹੈ।
ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਵੱਲੋ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ ਸਾਰੀਆਂ ਅਸਾਮੀਆਂ ਉੱਤੇ ਭਰਤੀ ਕਰਨ ਅਤੇ ਉਮਰ ਹੱਦ ਵਿਚ ਛੋਟ ਦੀ ਮੰਗ ਨੂੰ ਲੈ ਕੇ 7 ਮਈ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਸਥਾਨਕ ਸ਼ਹਿਰ ਵਿੱਚ ‘ਪੋਲ ਖੋਲ੍ਹ’ ਰੈਲੀ ਕੀਤੀ ਜਾਵੇਗੀ।
ਇਸ ਸਬੰਧੀ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਅਤੇ ਮਲਟੀਪਰਪਜ ਹੈਲਥ ਵਰਕਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਅੰਦਰ ਹਰੇਕ ਸ਼੍ਰੇਣੀ ਦੇ ਬੇਰੁਜ਼ਗਾਰਾਂ ਨਾਲ ਸੰਪਰਕ ਮੁਹਿੰਮ ਆਰੰਭੀ ਹੋਈ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ‘ਘਰ ਘਰ ਰੁਜ਼ਗਾਰ’ ਦਾ ਲਾਰਾ ਲਗਾ ਕੇ ਸੱਤਾ ਹਾਸਲ ਕੀਤੀ ਅਤੇ 5 ਸਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਜ਼ਬਰ ਕੀਤਾ।ਉਸ ਮੌਕੇ ਰੁਜ਼ਗਾਰ ਲਈ ਸੰਘਰਸ਼ ਕਰਦੇ ਬੇਰੁਜ਼ਗਾਰਾਂ ਦੀ ਪਿੱਠ ਥਾਪੜਣ ਵਾਲੀ ‘ਆਪ’ ਸੱਤਾ ਹਾਸਲ ਕਰਕੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਦਰ ਕਿਨਾਰ ਕਰ ਰਹੀ ਹੈ।ਹੁਣ ਵੀ ਉਸੇ ਤਰਾਂ ਹੀ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਬੇਰੁਜ਼ਗਾਰਾਂ ਉੱਤੇ ਲਾਠੀਚਾਰਜ ਹੁੰਦੇ ਹਨ।
ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਚੋਣਾਂ ਮੌਕੇ ਅਤੇ ਮੁੱਖ ਮੰਤਰੀ ਬਣਨ ਮਗਰੋ ਵੀ ਸੈਂਕੜੇ ਥਾਵਾਂ ਉੱਤੇ ਵੱਖ ਵੱਖ ਵਿਭਾਗਾਂ ਵਿੱਚ ਓਵਰ ਏਜ਼ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਰਾਹਤ ਦੇਣ ਲਈ ਆਉਂਦੀਆਂ ਭਰਤੀਆਂ ਵਿੱਚ ਉਮਰ ਹੱਦ ਛੋਟ ਦੇਣ ਦੇ ਐਲਾਨ ਕੀਤੇ ਸਨ।ਜਿਹੜੇ ਕਿ ਹੁਣ ਲਾਰਾ ਸਿੱਧ ਹੋ ਰਹੇ ਹਨ।
ਉਹਨਾਂ ਕਿਹਾ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀ ਭਰਤੀ ਲਈ ਲਗਾਈ ਗ੍ਰੈਜੂਏਸ਼ਨ ਵਿੱਚੋ 55 ਫੀਸਦ ਅੰਕ ਲਾਜ਼ਮੀ ਹੋਣ ਵਾਲੀ ਸ਼ਰਤ ਖਤਮ ਕੀਤੀ ਜਾਵੇ ਅਤੇ ਦੂਜੇ ਰਾਜਾਂ ਦੇ ਕੋਟੇ ਨੂੰ ਸੀਮਤ ਕੀਤਾ ਜਾਵੇ।ਮਾਸਟਰ ਕੇਡਰ ਵਿੱਚ ਖਾਲੀ ਪਈਆਂ ਸਾਰੇ ਵਿਸ਼ਿਆਂ ਦੀਆਂ ਖਾਲੀ ਸਾਰੀਆਂ ਅਸਾਮੀਆਂ ਉੱਤੇ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕੀਤੀ ਜਾਵੇ।ਪਿਛਲੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਓਵਰ ਏਜ਼ ਹੋ ਚੁੱਕੇ ਹਰੇਕ ਬੇਰੁਜ਼ਗਾਰ ਨੂੰ ਮੌਕਾ ਦਿੱਤਾ ਜਾਵੇ। ਇਸੇ ਤਰ੍ਹਾਂ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਮਨਜੂਰ ਹੋ ਚੁੱਕੀਆਂ 560 ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਤੁਰੰਤ ਜਾਰੀ ਕੀਤਾ ਜਾਵੇ।
ਉਹਨਾਂ ਕਿਹਾ ਕਿ 7 ਅਪ੍ਰੈਲ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਮੌਕੇ 20 ਅਪ੍ਰੈਲ ਲਈ ਮੁੱਖ ਮੰਤਰੀ ਦੇ ਚੰਡੀਗੜੑ ਨਿਵਾਸ ਉੱਤੇ ਉਹਨਾਂ ਦੇ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਮੀਟਿੰਗ ਨਿਸਚਿਤ ਕਰਵਾਈ ਸੀ।ਜਿਸ ਮੀਟਿੰਗ ਵਿੱਚ ਬੇਰੁਜ਼ਗਾਰਾਂ ਦੀਆਂ ਮੰਗਾਂ ਸਬੰਧੀ ਜਲਦੀ ਫੈਸਲਾ ਲੈਣ ਦਾ ਭਰੋਸਾ ਦਿੱਤਾ ਸੀ।ਜਿਹੜਾ ਕਿ ਅਜੇ ਤੱਕ ਜਿਉਂ ਦੀ ਤਿਉਂ ਲਟਕ ਰਿਹਾ ਹੈ।
ਉਹਨਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਵੋਟਰਾਂ ਨੂੰ ਭਰਮਾ ਕੇ ਜਿੱਤਣ ਦੀ ਕੋਸਿਸ਼ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ।ਬੇਰੁਜ਼ਗਾਰਾਂ ਨੇ ਕਿਹਾ ਕਿ ਸਰਕਾਰ ਦਾ ਨੌਕਰੀਆਂ ਦੇਣ ਦਾ ਦਾਅਵਾ ਝੂਠਾ ਤੇ ਬੇਬੁਨਿਆਦ ਹੈ।