ਫਗਵਾੜਾ 31 ਮਈ (ਸ਼ਿਵ ਕੋੜਾ) :ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ 2 ਤੋਂ 4 ਜੂਨ ਤੱਕ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਏ ਜਾ ਰਹੇ ਤਿੰਨ ਰੋਜਾ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਧੇਰੇ ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਦੱਸਿਆ ਕਿ 2 ਜੂਨ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਮਹਿੰਦੀ ਤੇ ਚਰਾਗ ਦੀ ਰਸਮ ਅਦਾ ਕੀਤੀ ਜਾਵੇਗੀ। ਦੂਸਰੇ ਦਿਨ ਤਿੰਨ ਜੂਨ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਉਪਰੰਤ ਕੜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਰਾਤ ਨੂੰ ਕੱਵਾਲ ਸ਼ੌਕਤ ਅਲੀ ਮਲੇਰਕੋਟਲਾ ਵਾਲੇ ਆਪਣਾ ਸੂਫੀਆਨਾ ਪ੍ਰੋਗਰਾਮ ਪੇਸ਼ ਕਰਨਗੇ। ਤੀਸਰੇ ਤੇ ਆਖਰੀ ਦਿਨ ਐਤਵਾਰ 4 ਜੂਨ ਨੂੰ ਦੁਪਿਹਰ 2 ਵਜੇ ਇੰਟਰਨੈਸ਼ਨਲ ਗਾਇਕ ਰੰਮੀ ਰੰਧਾਵਾ ਤੇ ਪਿ੍ਰੰਸ ਰੰਧਾਵਾ (ਰੰਧਾਵਾ ਬ੍ਰਦਰਜ) ਆਪਣੇ ਪ੍ਰਸਿੱਧ ਗੀਤਾਂ ਨਾਲ ਭਰਪੂਰ ਹਾਜਰੀ ਲਗਵਾਉਣਗੇ। ਸ਼ਾਮ ਨੂੰ 4 ਵਜੇ ਸੈਣੀ ਡੀ.ਜੇ ਲੈਂਡ ਐਂਡ ਪਾਰਟੀ ਵਲੋਂ ਭੰਗੜੇ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਪਰੰਤ ਛਿੰਜ ਮੇਲੇ ਦਾ ਆਯੋਜਨ ਹੋਵੇਗਾ। ਜਿਸ ਵਿਚ ਪੰਜਾਬ ਦੇ ਨਾਮਵਰ ਪਹਿਲਵਾਨ ਕੁਸ਼ਤੀ ਦੇ ਜੋਹਰ ਦਿਖਾਉਣਗੇ। ਪਟਕੇ ਦੀ ਪਹਿਲੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 9100 ਰੁਪਏ ਤੇ ਟਰਾਫੀ ਜਦਕਿ ਉਪ ਜੇਤੂ ਪਹਿਲਵਾਨ ਨੂੰ 7100 ਰੁਪਏ ਦੇ ਨਗਦ ਇਨਾਮ ਤੋਂ ਇਲਾਵਾ ਪਟਕੇ ਦੀ ਦੂਸਰੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 6100 ਰੁਪਏ ਨਗਦ ਇਨਾਮ ਅਤੇ ਉਪ ਜੇਤੂ ਨੂੰ 4100 ਰੁਪਏ ਨਗਦ ਰਾਸ਼ੀ ਨਾਲ ਨਵਾਜਿਆ ਜਾਵੇਗਾ। ਦਾਤਾ ਜੀ ਦਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾਣਗੀਆਂ। ਸਾਂਈ ਕਰਨੈਲ ਸ਼ਾਹ ਨੇ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਵਿਚ ਹਾਜਰੀ ਲਗਵਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਦੇ ਪਤਵੰਤੇ ਵੀ ਹਾਜਰ ਸਨ।