ਫਗਵਾੜਾ 27 ਜੁਲਾਈ (ਸ਼ਿਵ ਕੋੜਾ) : ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਵਿਚ ਐਨ.ਸੀ.ਸੀ. ਬਟਾਲੀਅਨ ਫਗਵਾੜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੀ ਸ਼ੁਰੂਆਤ ਸੂਬੇਦਾਰ ਰਜਿੰਦਰ ਸਿੰਘ ਨੇ ਦੀਪ ਜਗਾ ਕੇ ਕਰਵਾਈ। ਉਨ੍ਹਾਂ ਕਾਰਗਿਲ ਜੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਫੌਜ ਦੇ ਬਹਾਦਰ ਨਾਇਕਾਂ ਨੇ ਪਹਾੜਾਂ ਦੀਆਂ ਚੋਟੀਆਂ ’ਤੇ ਲੁਕੇ ਦੁਸ਼ਮਣ ਨੂੰ ਬੜੀ ਬਹਾਦਰੀ ਨਾਲ ਮਾਤ ਦਿੱਤੀ ਅਤੇ ਅੰਤ ’ਚ ਟਾਈਗਰ ਹਿੱਲ ’ਤੇ ਭਾਰਤੀ ਝੰਡਾ ਲਹਿਰਾ ਕੇ ਜਿੱਤ ਦਾ ਸ਼ੰਖਨਾਦ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਕਿਹਾ ਕਿ ਭਾਰਤ ਨੇ 26 ਜੁਲਾਈ 1999 ਨੂੰ ਕਾਰਗਿਲ ਜੰਗ ਵਿੱਚ ਜਿੱਤ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹਰ ਸਾਲ ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਫੌਜ ਦੇ 527 ਬਹਾਦਰ ਜਵਾਨਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਜੰਗ ਵਿੱਚ ਮਹਾਨ ਕੁਰਬਾਨੀ ਦੇਣ ਵਾਲੇ ਕੈਪਟਨ ਵਿਕਰਮ ਬੱਤਰਾ, ਯੋਗਿੰਦਰ ਯਾਦਵ, ਮੇਜਰ ਰਾਜੇਸ਼ ਅਧਿਕਾਰੀ ਅਤੇ ਰਾਈਫਲਮੈਨ ਸੰਜੇ ਕੁਮਾਰ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਐਨ.ਸੀ.ਸੀ ਕੈਡਿਟ ਲਕਸ਼ਮੀ ਨੇ ਭਾਵੁਕ ਭਾਸ਼ਣ ਦੇ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕੈਡਿਟ ਰਾਗਿਨੀ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ। ਹਾਜ਼ਰੀਨ ਨੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਅਤੇ ਦੇਸ਼ ਦੀ ਰੱਖਿਆ ਲਈ ਹਰ ਕੁਰਬਾਨੀ ਦੇਣ ਦਾ ਪ੍ਰਣ ਲਿਆ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਵਿਪਨ ਜੈਨ, ਜੁਨੇਸ਼ ਜੈਨ, ਰਾਜ ਕੁਮਾਰ ਕਨੌਜੀਆ, ਮੋਹਨ ਲਾਲ ਤਨੇਜਾ, ਗੁਲਸ਼ਨ ਕਪੂਰ, ਰਾਮ ਲੁਭਿਆ, ਅਮਰਜੀਤ ਡਾਂਗ ਆਦਿ ਹਾਜ਼ਰ ਸਨ।