ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵੱਖ-ਵੱਖ ਯੋਗ ਆਸਨ ਕਿਰਿਆਵਾ ਕੀਤੀਆਂ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਇਸ ਸਾਲ ਦੇ ਯੋਗ ਦਿਵਸ ਦਾ ਥੀਮ ਬਦਲਦੇ ਹੋਏ ਵਾਤਾਵਰਨ ਨਾਲ ਸੰਬੰਧਤ ਹੈ। ਇਕ ਅਧਿਆਪਕ ਅਤੇ ਵਿਦਿਆਰਥੀ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਹਰ ਸਾਲ ਇੱਕ ਰੁੱਖ ਜ਼ਰੂਰ ਲਗਾਈਏ। ਉਨ੍ਹਾਂ ਅੱਗੇ ਕਿਹਾ ਇਕ ਨਰੋਇਆ ਦਿਮਾਗ ਇਕ ਨਰੋਏ ਸਰੀਰ ਵਿਚ ਨਿਵਾਸ ਕਰਦਾ ਹੈ ਅਤੇ ਯੋਗ ਸਰੀਰ, ਮਨ ਅਤੇ ਆਤਮਾ ਨੂੰ ਇੱਕ ਲੈਅ ਵਿਚ ਲੈ ਕੇ ਆਉਂਦਾ ਹੈ। ਯੋਗ ਕਿਰਿਆਵਾਂ ਭਾਰਤ ਵੱਲੋਂ ਪੂਰੀ ਦੁਨੀਆ ਨੂੰ ਦਿੱਤਾ ਗਿਆ ਅਨਮੋਲ ਤੋਹਫ਼ਾ ਹੈ। ਇਸ ਮੌਕੇ ਭਾਰਤੀ ਯੋਗ ਸੰਸਥਾਨਯੋਗਾ ਗੁਰੂ ਰੇਖਾ ਉਪੱਲ ਨੇ ਯੋਗ ਵਿੱਦਿਆ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਯੋਗ ਗੁਰੂ ਰੇਖਾ ਉਪੱਲ ਨੇ ਕਿਹਾ ਕਿ ਯੋਗ ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ। ਜਿਸ ਦਾ ਸ਼ਾਬਦਿਕ ਅਰਥ ਹੈ ‘ਜੁੜਨਾ’। ਯੋਗ ਭਾਰਤ ਦੀ ਬਹੁਤ ਹੀ ਪੁਰਾਣੀ ਸਰੀਰਿਕ ਅਤੇ ਮਨੋਵਿਗਿਆਨਿਕ ਕਿਰਿਆ ਹੈ, ਜਿਹੜੀ ਇਕ ਮਨੁੱਖ ਨੂੰ ਹਿੰਮਤੀ, ਸ਼ਾਂਤੀ ਪਸੰਦ ਅਤੇ ਸੰਜਮੀ ਬਣਾਉਂਦੀ ਹੈ। ਯੋਗ ਜ਼ਿੰਦਗੀ ਦਾ ਮਕਸਦ ਸਮਝਣ ਵਿਚ ਸਹਾਇਤਾ ਕਰਦਾ ਹੈ ਅਤੇ ਇਹ ਵੀ ਸਿਖਾੳਂ ਦਾ ਹੈ ਕਿ ਬਦਲਦੇ ਹੋਏ ਹਲਾਤਾਂ ਵਿਚ ਆਪਣੇ ਆਪ ਨੂੰ ਕਿਵੇਂ ਬਦਲਣਾ ਹੈ। ਯੋਗ ਦੁਨੀਆਂ ਭਰ ਵਿਚ ਹਰਮਨ ਪਿਆਰਾ ਹੋ ਰਿਹਾ ਹੈ। ਇਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਜਸਪਾਲ ਸਿੰਘ ਨੇ ਯੋਗ ਦਿਵਸ ਦੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰੀ 21 ਜੂਨ 2015 ਨੂੰ ਮਨਾਇਆ ਗਿਆ ਸੀ। 11 ਦੰਸਬਰ 2014 ਨੂੰ ਸੰਯੁਕਤ ਰਾਸਟਰ ਸੰਘ ਦੁਆਰਾ ਯੋਗ ਦਿਵਸ ਨੂੰ ਅੰਤਰ ਰਾਸ਼ਟਰੀ ਮਾਨਤਾ ਪ੍ਰਦਾਨ ਕੀਤੀ ਗਈ। ਕਾਲਜ ਦੇ 2 ਪੰਜਾਬ ਬਟਾਲੀਅਨ ਦੇ ਐਨ.ਸੀ.ਸੀ ਕੈਡਿਟਸ ਨੇ ਇਸ ਮੌਕੇ ਵੱਡੀ ਗਿਣਤੀ ਵਿਚ ਭਾਗ ਲਿਆ। ਇਨ੍ਹਾਂ ਤੋਂ ਇਲਾਵਾ ਡਾ. ਕਰਨਬੀਰ ਸਿੰਘ ਇੰਚਾਰਜ ਐਨ.ਸੀ.ਸੀ (ਆਰਮੀ ਵਿੰਗ), ਪ੍ਰੋ. ਮਨਪ੍ਰੀਤ ਸਿੰਘ ਲਹਿਲ ਇੰਚਾਰਜ ਐਨ.ਸੀ.ਸੀ.(ਏਅਰ ਵਿੰਗ) ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।