ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਉੱਚ ਅਧਿਐਨ ਨਾਲ ਸੰਬੰਧਿਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐਮ.ਏ. ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਐਮ.ਏ.ਪੰਜਾਬੀ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦੇ ਸਵਾਗਤ ਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਅਤੇ ਵਿਭਾਗ ਦੇ ਅਧਿਆਪਕ ਸਾਹਿਬਾਨ ਨੇ ਡਾ. ਸਮਰਾ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ। ਸਮਾਗਮ ਵਿੱਚ ਵਿਦਿਆਰਥੀ ਕਲਾਕਾਰਾਂ ਨੇ ਆਪਣੀਆਂ ਨ੍ਰਿਤ ਤੇ ਗਾਇਨ ਦੀਆਂ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨਿਆ। ਨ੍ਰਿਤ ਵਿਚ ਅਰਸ਼ਦੀਪ ਕੌਰ ਤੇ ਕਵਿਤਾ ਵਿਚ ਹਰਮਨਦੀਪ ਸਿੰਘ ਨੇ ਸਭ ਨੂੰ ਆਕਰਸ਼ਿਤ ਕੀਤਾ। ਵੱਖ-ਵੱਖ ਮੁਕਾਬਲਿਆਂ ਰਾਹੀਂ ਲੜਕੀਆਂ ਤੇ ਲੜਕਿਆਂ ਵਿੱਚ ਮਿਸ ਫਰੈਸ਼ਰ ਤੇ ਮਿਸਟਰ ਫਰੈਸ਼ਰ ਚੁਣੇ ਗਏ। ਇਨ੍ਹਾਂ ਮੁਕਾਬਲਿਆਂ ਦੇ ਨਿਰਣਾਇਕ ਪ੍ਰੋ. ਅਰਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ ਤੇ ਪ੍ਰੋ. ਸੁਖਰਾਜ ਕੌਰ ਬਾਠ ਨੇ ਆਪਣੇ ਨਿਰਣੈ ਵਿਚ ਮਿਸ ਫਰੈਸ਼ਰ ਸਮੈਸਟਰ ਪਹਿਲਾ ਦੀ ਵਿਦਿਆਰਥਣ ਪ੍ਰੀਤੀ ਅਤੇ ਮਿਸਟਰ ਫਰੈਸ਼ਰ ਵਿਜੇ ਕੁਮਾਰ ਨੂੰ ਚੁਣਿਆ। ਇਸ ਮੌਕੇ ਤੇ ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਭਾਗ ਦੇ ਅਧਿਆਪਕਾਂ ਨਾਲ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਾਮਨਤ ਕੀਤਾ। ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਅਜਿਹੇ ਸਮਾਗਮ ਹੋਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਦਿਆਰਥੀਆਂ ਨੂੰ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਦੇ ਹੋਏ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਅੱਵਲ ਆਉਣ ਲਈ ਪ੍ਰੇਰਨਾ ਦਿੱਤੀ। ਸਮਾਗਮ ਦੇ ਅਖੀਰ ਵਿੱਚ ਵਿਭਾਗ ਦੇ ਮੁੱਖੀ ਡਾ. ਗੋਪਾਲ ਸਿੰਘ ਬੁੱਟਰ ਨੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਆਪਣੇ ਵਿਦਿਆਰਥੀਆਂ ਦੀ ਤਰਫੋਂ ਇਹ ਵਿਸ਼ਵਾਸ ਦਿਵਾਇਆ ਕਿ ਸਾਡੇ ਵਿਦਿਆਰਥੀ ਆਪਣੀ ਉਚੇਰੀ ਅਕਾਦਮਿਕ ਸਿਖਿਆ ਤੇ ਆਪਣੇ ਸੁੱਚਜੇ ਵਿਹਾਰ ਨਾਲ ਕਾਲਜ ਦੇ ਸ਼ਾਨਾਮੱਤੇ ਰੁਤਬੇ ਨੂੰ ਹੋਰ ਚਮਕਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਐਮ.ਏ ਸਮੈਸਟਰ ਤੀਜਾ ਦੀ ਵਿਦਿਆਰਥਣ ਰਿਚਾ ਨੇ ਸੰਭਾਲੀ। ਸਮਾਗਮ ਵਿੱਚ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ।