ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਸਾਹਿਤ ਤੇ ਕਲਾ ਦੇ ਖੇਤਰ ਵਿੱਚ ਵੀ ਵਿਸ਼ੇਸ਼ ਪ੍ਰਾਪਤੀਆਂ ਕਰ ਰਹੇ ਹਨ। ਕਾਲਜ ਦੇ ਵਿਦਿਆਰਥੀਆਂ ਨੇ ਦੁਆਬਾ ਕਾਲਜ ਵਿਖੇ ਹੋਏ ਦੁਆਬਾ ਯੂਥ ਫੈਸਟੀਵਲ ਵਿੱਚ ਥੀਏਟਰ, ਸਾਹਿਤਕ ਅਤੇ ਫਾਈਨ ਆਰਟਸ ਦੀਆਂ ਆਈਟਮਾਂ ਵਿੱਚ ਭਾਗ ਲੈਂਦਿਆਂ ਇਨਾਮ ਪ੍ਰਾਪਤ ਕਰਕੇ ਆਪਣੀ ਕਲਾ- ਪ੍ਰਤਿਭਾ ਨੂੰ ਮੰਨਵਾਇਆ ਹੈ । ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਵਿਦਿਆਰਥੀਆਂ ਅਤੇ ਇਹਨਾਂ ਦੇ ਇੰਚਾਰਜ ਸਾਹਿਬਾਨ ਨੂੰ ਵਧਾਈ ਦਿੱਤੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਕਲਾਕਾਰਾਂ ਨੇ ਫੈਂਸੀ ਡਰੈੱਸ, ਮਿਮੀਕਰੀ ਵਿੱਚ ਪਹਿਲਾ ਸਥਾਨ, ਕਵਿਤਾ ਉਚਾਰਨ ਤੇ ਐਲੋਕਿਊਸ਼ਨ ਵਿੱਚ ਤੀਜਾ ਸਥਾਨ ਅਤੇ ਲੈਂਡਸਕੇਪ ਸਟਿੱਲ ਲਾਈਫ ਤੇ ਸਕੈਚਿੰਗ ਵਿੱਚ ਕੌਂਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਹਰ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਸਮੁੱਚੀ ਸ਼ਖਸੀਅਤ ਵਿਕਾਸ ਵਿੱਚ ਲਾਭ ਮਿਲਦਾ ਹੈ। ਉਹਨਾਂ ਕਿਹਾ ਕਿ ਕਾਲਜ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਵਿਦਿਆਰਥੀਆਂ ਦੇ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਪ੍ਰੋ. ਸੁਰਿੰਦਰ ਪਾਲ ਮੰਡ, ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ. ਗੁਲਜ਼ਾਰ ਸਿੰਘ ਅਤੇ ਪ੍ਰੋ. ਰੇਖਾ ਸ਼ਰਮਾ ਵੀ ਹਾਜ਼ਰ ਸਨ।