ਅਸੀ ਕਈ ਵਾਰ ਕਿਤਾਬਾਂ ਤੇ ਅਖਬਾਰਾਂ ਵਿੱਚ ਸਾਦਗੀ ਬਾਰੇ ਕਈ ਤਰਾਂ ਦੀਆਂ ਗੱਲਾਂ ਪੜਦੇ ਹਾਂ। ਸਾਨੂੰ ਆਪਣੇ ਬਜੁਰਗਾਂ ਤੋਂ ਵੀ ਸਾਦਗੀ ਵਾਲਾ ਜੀਵਨ ਜੀਓੁਣ ਦੀਆਂ ਨਸੀਹਤਾਂ ਮਿਲਦੀਆਂ ਹਨ ਕਿ ਸਾਦਗੀ ਓੁਸ ਸੱਜਰੀ ਸਵੇਰ ਵਰਗੀ ਹੈ ਜਿਸ ਦੇ ਤ੍ਰੇਲ ਧੋਤੇ ਫੁੱਲਾਂ ਦੀ ਮਹਿਕ ਹਰ ਮਨ ਨੂੰ ਮੋਂਹਦੀ ਹੈ। ਸੁੰਦਰਤਾ ਦਾ ਅਸਲ ਰੂਪ ਸਾਦਗੀ ਹੈ ਜਿਹੜੀ ਕੁਦਰਤ ਦੇ ਰੰਗਾਂ ਵਾਂਗ ਬਿਨਾਂ ਕਿਸੇ ਬਨਾਵਟੀਪਨ ਦੇ ਹੁੰਦੀ ਹੈ। ਇਹ ਸ਼ਖਸੀਅਤ ਨੂੰ ਸੰਜਮ ਤੇ ਨਿਮਰਤਾ ਵਰਗੇ ਗੁਣ ਪ੍ਰਦਾਨ ਕਰਦੀ ਹੈ। ਸਾਦਗੀ ਵਿਖਾਵੇ ਭਰੇ ਜੀਵਨ ਤੋਂ ਕੋਹਾਂ ਦੂਰ ਹੁੰਦੀ ਹੈ। ਇਹ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ।

ਪਰ ਮੇਰੀ ਸੋਚ ਅਨੁਸਾਰ ਅੱਜ ਦੇ ਮਾਡਰਨ ਜਮਾਨੇ ਦੇ ਲੋਕਾਂ ਤੇ ਇਹ ਗੱਲਾਂ ਨਹੀ ਢੁੱਕਦੀਆਂ। ਅੱਜ ਦਾ ਮਨੁੱਖ ਦੁਨਿਆਵੀ ਰੰਗਾਂ ਵਿੱਚ ਰੰਗਿਆ ਹੋਲੀ ਹੋਲੀ ਸਾਦਗੀ ਤੋਂ ਦੂਰ ਹੁੰਦਾ ਜਾ ਰਿਹਾ ਹੈ। ਓੁਸਨੂੰ ਦਿਖਾਵੇ ਤੇ ਸੁੰਦਰਤਾ ਦਾ ਰੰਗ ਆਪਣੇ ਵੱਲ ਖਿੱਚਦਾ ਹੈ। ਇਸ ਵਹਿਣ ਵਿੱਚ ਓੁਹ ਅਾਪਣੀ ਸਾਦਗੀ ਨੂੰ ਤਿਆਗਣ ਤੋਂ ਵੀ ਗੁਰੇਜ ਨਹੀ ਕਰਦਾ। ਸਾਦਗੀ ਤੋਂ ਦੂਰ ਹੋਣ ਕਰਕੇ ਵਿਖਾਵਾ ਪ੍ਰਧਾਨ ਹੋ ਗਿਆ ਹੈ। ਬਚਪਨ ਹੋਵੇ ਚਾਹੇ ਜਵਾਨੀ ਜਾਂ ਬੁਢਾਪਾ ਹਰ ਥਾਂ ਵਿਖਾਵਾ ਹੀ ਪ੍ਰਧਾਨ ਹੈ। ਅੱਜ ਸਾਦਗੀ ਨੂੰ ਪੁਰਾਣੇ ਜਮਾਨੇ ਦੀ ਰੀਤ ਸਮਝਿਆ ਜਾਣ ਲੱਗ ਪਿਆ ਹੈ। ਸਾਦਗੀ ਨਾਲ ਰਹਿਣ ਵਾਲਿਆਂ ਨੂੰ ਅੱਜ ਦੀ ਸੱਭਿਅਤਾ ਵਿੱਚ ਚੰਗੇ ਨਹੀ ਸਮਝਿਆ ਜਾਂਦਾ।ਜਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਸਾਧਾਰਨ ਤੇ ਸੱਭਿਅਕ ਪਹਿਰਾਵੇ ਵਾਲੇ ਇਨਸਾਨ ਨੂੰ ਅਨਪੜ ਸਮਝਿਆ ਜਾਂਦਾ ਹੈ। ਦੂਜਿਆਂ ਸਾਹਮਣੇ ਆਪਣੇ ਆਪ ਨੂੰ ਓੁਚਾ ਤੇ ਪੜਿਆ ਲਿਖਿਆ ਦਿਖਾਓਣ ਲਈ ਫੈਸਨ ਦੀ ਮਾਰ ਹੇਠ ਆਓੁਣਾ ਪੈ ਰਿਹਾ ਹੈ ਪਰ ਇਹ ਧਾਰਨਾ ਗਲਤ ਹੈ। ਇਨਸਾਨ ਦੀ ਸੋਚ, ਓੁਸਦੀ ਕਾਬਿਲੀਅਤ ਨੂੰ ਓੁਸ ਦੇ ਪਹਿਰਾਵੇ ਨਾਲ ਨਹੀ ਪਛਾਣਿਆ ਜਾਣਾ ਚਾਹੀਦਾ। ਜਿਵੇਂ ਜਿਵੇਂ ਸਾਡਾ ਪਹਿਰਾਵਾ ਵਧੇਰੇ ਤੜਕ ਫੜਕ ਵਾਲਾ ਹੋ ਰਿਹਾ ਹੈ, ਨਿੱਤ ਦਿਨ ਮਾਨਵੀ ਸ਼ਖਸੀਅਤ ਵੀ ਗੁੰਝਲਦਾਰ ਹੋ ਰਹੀ ਹੈ।

ਇਸ ਨੂੰ ਸਮੇਂ ਦੀ ਮਾਰ ਤੇ ਪੱਛਮ ਦੇ ਰੰਗਾਂ ਦਾ ਦੂਰ-ਪ੍ਰਭਾਵ ਵੀ ਕਿਹਾ ਜਾ ਸਕਦਾ ਹੈ ਕਿ ਸਾਦਗੀ ਸਾਡੇ ਜੀਵਨ ਵਿੱਚ ਖਤਮ ਹੋ ਰਹੀ ਹੈ। ਅੱਜ ਦੇ ਸਮੇਂ ਵਿੱਚ ਹਰ ਬੱਚਾ,ਬੁੱਢਾ,ਜਵਾਨ ਹਰ ਕੋਈ ਅੱਜ ਦੀ ਸੱਭਿਅਤਾ ਦੇ ਅਨੁਕੂਲ ਮਾਡਰਨ ਬਣਨਾ ਚਾਹੁੰਦਾ ਹੈ। ਸਾਦਗੀ ਦਾ ਰੂਪ ਸਮਝੀਆਂ ਜਾਂਦੀਆਂ ਪੰਜਾਬਣ ਮੁਟਿਆਰਾਂ ਜਿਹੜੀਆਂ ਚਰਖਾ ਕੱਤਦੀਆਂ ਅਤੇ ਤਿ੍ੰਞਣਾਂ ‘ਚ ਬੈਠੀਆਂ ਸੱਭਿਆਚਾਰ ਦਾ ਮਾਣਮੱਤਾ ਰੂਪ ਸਮਝੀਆਂ ਜਾਂਦੀਆਂ ਸਨ ਹੁਣ ਓੁਹ ਅੱਜ ਦੇ ਵਿਸ਼ਵੀਕਰਨ ਦੇ ਦੋਰ ਵਿੱਚ ਬਾਜਾਰ ਦੀ ਇੱਕ ਵਸਤੂ ਬਣਨ ਜਾ ਰਹੀਆਂ ਹਨ। ਜਿਸ ਦਾ ਅੰਦਾਜਾ ਬਾਜਾਰੂ ਵਸਤੂਆਂ ਓੁੱਤੇ ਕੁੜੀਆਂ ਦੀ ਇਸ਼ਤਿਹਾਰਬਾਜੀ, ਅਸ਼ਲੀਲ ਗੀਤਾਂ ਤੇ ਕੁੜੀਆਂ ਦੇ ਨਾਚ ਤੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੱਛਮੀ ਪਹਿਰਾਵੇ ਦਾ ਸ਼ਿਕਾਰ ਲੜਕੀਆਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪੰਜਾਬ ਦੇ ਅਮੀਰ ਸੱਭਿਆਚਾਰ ਤੇ ਮਾਣ ਕਰਨ ਵਾਲੇ ਸਾਡੇ ਲੋਕ ਹੀ ਸੱਭਿਆਚਾਰ ਦਾ ਨਾਸ਼ ਕਰ ਰਹੇ ਹਨ। ਸੱਭਿਆਚਾਰ ਦੇ ਨਾਂ ਤੇ ਕੁੜੀਆਂ ਦੀ ਸੁੰਦਰਤਾ ਦੇ ਕਰਵਾਏ ਜਾ ਰਹੇ ਮੁਕਾਬਲੇ ਅਜਿਹੇ ਅਮਲ ਦਾ ਇੱਕ ਸਬੂਤ ਹਨ।

ਅੱਜ ਜਦੋਂ ਅਸੀ ਘਰੋਂ ਬਾਹਰ ਜਾਂਦੇ ਆ ਤਾਂ ਬਾਜਾਰਾਂ ਵਿੱਚ ਕਈ ਕੁੜੀਆਂ ਸਾਨੂੰ ਇਵੇਂ ਦੀਆਂ ਦੇਖਣ ਨੂੰ ਮਿਲਦੀਆਂ ਨੇ ਜਿਹਨਾਂ ਨੂੰ ਦੇਖ ਕੇ ਸ਼ਰਮ ਆਓੁਦੀ ਹੈ ਤੇ ਇਹ ਸੋਚਣ ਨੂੰ ਮਜਬੂਰ ਹੋ ਜਾਂਦੇ ਆਂ ਕਿ ਅਸੀ ਪੰਜਾਬ ਦੇ ਕਿਸੇ ਛੋਟੇ ਸ਼ਹਿਰ ਵਿੱਚ ਹਾਂ ਜਾਂ ਦਿੱਲੀ, ਮੁੰਬਈ ਜਹੇ ਮਹਾਨਗਰਾਂ ਵਿੱਚ ਰਹਿ ਰਹੇ ਆਂ। ਮੇਰੇ ਕਹਿਣ ਦਾ ਇੱਥੇ ਇਹ ਭਾਵ ਬਿਲਕੁੱਲ ਵੀ ਨਹੀ ਹੈ ਕਿ ਪੰਜਾਬ ਦੀਆਂ ਕੁੜੀਆਂ ਜੀਨ-ਟੋਪ ਨਾ ਪਾਓੁਣ, ਜਰੂਰ ਪਾਓੁਣ। ਪਰ ਪਹਿਰਾਵਾ ਇਵੇਂ ਦਾ ਹੋਵੇ ਜੋ ਦੇਖਣ ਵਾਲੇ ਨੂੰ ਬੇਢੰਗਾ ਜਿਹਾ ਨਾ ਲੱਗੇ। ਡੋਲਿਆਂ ਤੱਕ ਤਾਂ ਠੀਕ ਸੀ ਪਰ ਕਈ ਕੁੜੀਆਂ ਮੋਢੇ-ਗੋਡੇ ਵੀ ਸ਼ਰੇਆਮ ਦਿਖਾਓੁਦੀਆਂ ਫਿਰਦੀਆਂ ਨੇ। ਫਿਰ ਜਦੋਂ ਗੰਦੇ ਪਹਿਰਾਵੇ ਵਾਲੀਆਂ ਕੁੜੀਆਂ ਨੂੰ ਮੁੰਡਿਆਂ ਵਲੋਂ ਕਮੈਂਟ ਕੀਤੇ ਜਾਂਦੇ ਆ ਤਾਂ ਗਲਤੀ ਮੁੰਡਿਆਂ ਦੀ ਕੱਢੀ ਜਾਂਦੀ ਆ। ਇਹ ਗੱਲ ਤਾਂ ਠੀਕ ਹੈ ਕਿ ਮੁੰਡਿਆਂ ਨੂੰ ਵੀ ਆਪਣੀ ਸੋਚ ਦੂਜੀਆਂ ਕੁੜੀਆਂ ਬਾਰੇ ਓੁਹੋ ਜਹੀ ਹੀ ਰੱਖਣੀ ਚਾਹੀਦੀ ਹੈ ਜਿਵੇਂ ਦੀ ਸੋਚ ਓੁਹ ਆਪਣੀਆਂ ਭੈਣਾਂ ਲਈ ਰੱਖਦੇ ਹਨ। ਪਰ ਜੇ ਆਪਾਂ ਇਹ ਸੋਚੀਏ ਕਿ ਜੇ ਸ਼ੇਰ ਨੂੰ ਮਾਸ ਦਿਖਾਇਆ ਜਾਵੇ ਤਾਂ ਓੁਹ ਕਦੇ ਵੀ ਇਹ ਨਹੀ ਕਹੇਗਾ ਕਿ ਸੋਰੀ ਭਾਜੀ/ਭੈਣਜੀ ਆਈ ਅੈਮ ਵੈਜੀਟੇਰੀਅਨ। ਇਸੇ ਤਰਾਂ ਹੀ ਜੇ ਕੁੜੀਆਂ ਆਪਣੇ ਜਿਸਮ ਦੀ ਨੁਮਾਇਸ਼ ਕਰਨਗੀਆਂ ਤਾਂ ਮੁੰਡੇ ਵੀ ਪਿੱਛੇ ਨਹੀ ਹੱਟਣਗੇ। ਓੁਹ ਗੱਲ ਅਲੱਗ ਹੈ ਕਿ ਮਾਂ-ਬਾਪ ਕੁੜੀਆਂ ਤੇ ਕੰਟਰੋਲ ਕਰਨ ਦੇ ਨਾਲ ਨਾਲ ਆਪਣੇ ਮੁੰਡਿਆਂ ਨੂੰ ਵੀ ਸਮਝਾਓੁਣ ਕਿ ਦੂਜੀਆਂ ਕੁੜੀਆਂ ਨੂੰ ਮੈਲੀ ਅੱਖ ਨਾਲ ਨਾ ਦੇਖਣ। ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਓੁਹ ਨਿਰਾ ਪੂਰਾ ਵਿਖਾਵਾ ਹੀ ਬਣ ਕੇ ਨਾ ਰਹਿ ਜਾਣ। ਆਪਣੀ ਇੱਜਤ ਆਪਣੇ ਹੀ ਹੱਥ ਹੁੰਦੀ ਹੈ। ਇਸ ਲਈ ਫੈਸ਼ਨ ਦੀ ਮਾਰ ਹੇਠ ਆ ਕੇ ਆਪਣੀ ਇੱਜਤ ਨਿਲਾਮ ਨਾ ਕਰੋ ਤੇ ਮੁੰਡਿਆਂ ਨੂੰ ਵੀ ਚਾਹੀਦਾ ਹੈ ਕਿ ਕੁੜੀਆਂ ਦੇ ਗੰਦੇ ਤੇ ਛੋਟੇ ਪਹਿਰਾਵੇ ਨੂੰ ਦੇਖ ਕੇ ਕਮੈਂਟ ਨਾ ਕਰੋ ਪਰ ਜੇ ਕਮੈਂਟ ਕਰਨੇ ਹੀ ਹਨ ਤਾਂ ਇਵੇਂ ਕਰੋ, ਏਸੇ ਤਰੀਕੇ ਨਾਲ ਓੁਹਨਾਂ ਨੂੰ ਸਮਝਾਓੁਣ ਦੀ ਕੋਸ਼ਿਸ਼ ਕਰੋ ਜਿਸ ਤਰਾਂ ਆਪਾਂ ਆਪਣੀਆਂ ਭੈਣਾਂ ਨੂੰ ਗਲਤੀ ਕਰਨ ਤੇ ਸਮਝਾਓੁਦੇ ਹਾਂ।

ਬੇਨਤੀ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਗੰਦਾ ਨਾ ਕਰੋ। ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣਾ ਠੀਕ ਹੈ ਪਰ ਓੁਸਦੇ ਲਈ ਜਿਸਮ ਦੀ ਨੁਮਾਇਸ਼ ਕਰਨਾ ਜਰੂਰੀ ਨਹੀ ਹੁੰਦਾ। ਸਾਦਗੀ ਜੋ ਬਿਨਾਂ ਕਿਸੇ ਬਨਾਵਟੀਪਨ ਦੇ ਹੈ ਓੁਹੀ ਅਸਲੀ ਸੁੰਦਰਤਾ ਹੈ। ਵਿਖਾਵਿਆਂ ਦੇ ਜਾਲ ਵਿੱਚ ਫਸੀ ਜਿੰਦਗੀ ਨੂੰ ਸਾਦਗੀ ਨਾਲ ਜੋੜਨਾ ਬਹੁਤ ਜਰੂਰੀ ਹੈ। ਸਾਦਗੀ ਦੇ ਗਹਿਣੇ ਨੂੰ ਬਚਾਓੁਣ ਲਈ ਸਾਨੂੰ ਜਿੰਦਗੀ ਨੂੰ ਵਿਖਾਵਿਆਂ ਤੋਂ ਮੁਕਤ ਕਰਨਾ ਚਾਹੀਦਾ ਹੈ।ਮੇਰੀਆਂ ਗੱਲਾਂ ਦਾ ਕੋਈ ਗੁੱਸਾ ਲੱਗੇ ਤਾਂ ਮੁਆਫੀ ਚਾਹੁੰਦੀ ਆ।

ਕੌਰ ਸਰਦਾਰਨੀ
( ਮਨਪ੍ਰੀਤ ਕੌਰ)
ਚੰਡੀਗੜ੍ਹ