ਲੁਧਿਆਣਾ (ਅਮਿਤ ਜੇਟਲੀ) : ਦਮੋਰੀਆ ਪੁਲ਼ ਨੇੜੇ ਮਾਲਗੱਡੀ ਦੀਆਂ ਬੋਗੀਆਂ ਪੱਟੜੀ ਤੋਂ ਉਤਰ ਜਾਣ ਕਾਰਨ ਟ੍ਰੇਨਾਂ ਦੀ ਆਵਾਜਾਈ ਠੱਪ ਹੋ ਗਈ। ਰੇਲ ਮਾਰਗ ਬੰਦ ਹੋਣ ਕਾਰਨ ਲਗਪਗ ਇਕ ਘੰਟਾ ਦੋਵੇਂ ਪਾਸੇ ਦੀਆਂ ਟ੍ਰੇਨਾਂ ਰੁਕੀਆਂ ਰਹੀਆਂ। ਸੂਚਨਾ ਮਿਲਦੇ ਹੀ ਟ੍ਰੈਫਿਕ ਇੰਸਪੈਕਟਰ ਸਮੇਤ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜੰਗੀ ਪੱਧਰ ‘ਤੇ ਕੰਮ ਕਰਵਾ ਕੇ ਆਵਾਜਾਈ ਸ਼ੁਰੂ ਕਰਵਾਈ।
ਇਹ ਹਾਦਸਾ ਸਵੇਰੇ ਲਗਪਗ ਪੌਣੇ ਦਸ ਦੇ ਆਸਪਾਸ ਦਾ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ‘ਤੇ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਮੰਡਲ ਟ੍ਰੈਫਿਕ ਇੰਸਪੈਕਟਰ ਆਰਕੇ ਸ਼ਰਮਾ ਤੇ ਹੋਰ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਹਨ। ਪਟੜੀ ਤੋਂ ਉਤਰੀਆਂ ਬੋਗੀਆਂ ਨੂੰ ਟੀਮ ਨੇ ਕ੍ਰੇਨ ਦੀ ਮਦਦ ਨਾਲ ਟ੍ਰੈਕ ‘ਤੇ ਦਰੁਸਤ ਕੀਤਾ। ਇਸ ਤੋਂ ਬਾਅਦ ਲੀਹੋਂ ਲੱਥੀ ਮਾਲਗੱਡੀ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਾਇਆ।
ਹਾਦਸੇ ਕਾਰਨ ਟ੍ਰੈਕ ਬੰਦ ਹੋ ਗਿਆ ਤੇ ਕਈ ਟ੍ਰੇਨਾਂ ਲੇਟ ਹੋ ਗਈਆਂ ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਇਸ ਦੌਰਾਨ ਇਕ ਚਾਰਟ ਟ੍ਰੇਨ ਇਕ ਤੋਂ ਡੇਢ ਘੰਟਾ ਲੇਟ ਹੋ ਗਈ। ਲੇਟ ਹੋਣ ਵਾਲੀਆਂ ਟ੍ਰੇਨਾਂ ‘ਚ ਪੱਛਮੀ ਐਕਸਪ੍ਰੈੱਸ, ਆਮਰਪਾਲੀ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈੱਸ ਤੇ ਕਈ ਹੋਰ ਟ੍ਰੇਨਾਂ ਸ਼ਾਮਲ ਹਨ।