ਮੋਹਾਲੀ : ਜ਼ਿਲ੍ਹਾ ਮੋਹਾਲੀ ਵਿਚ ਖ਼ਰੜ ਵਿਖ਼ੇ ਅੱਜ ਸਵੇਰੇ ਅੰਜਾਮ ਦਿੱਤੇ ਗਏ ਇਕ ਗੋਲੀਕਾਂਡ ਵਿਚ ਇਕ ਮਹਿਲਾ ਟੀਚਰ ਦੀ ਮੌਤ ਹੋ ਗਈ। ਇਸ ਸਮੇਂ ਉਸ ਦੇ ਨਾਲ ਮੌਜੂਦ ਉਸ ਦੀ 5 ਸਾਲਾ ਧੀ ਵਾਲ ਵਾਲ ਬਚ ਗਈ। ਦੋਸ਼ ਹੈ ਕਿ ਇਸ ਤਲਾਕਸ਼ੁਦਾ ਔਰਤ ਨੂੰ ਗੋਲੀਆਂ ਉਸਦੇ ਫ਼ਰਾਂਸ ਰਹਿੰਦੇ ਪਤੀ ਵੱਲੋਂ ਮਾਰੀਆਂ ਗਈਆਂ ਹਾਲਾਂਕਿ ਇਸ ਦੀ ਅਜੇ ਤਾਂਈਂ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਅਜੇ ਸੀ.ਸੀ.ਟੀ.ਵੀ. ਫੁੱਟੇਜ ਦੀ ਜਾਂਚ ਕਰ ਰਹੀ ਹੈ।
ਸਰਬਜੀਤ ਕੌਰ ਨਾਂਅ ਦੀ ਇਸ 30 ਸਾਲਾ ਅਧਿਆਪਕਾ ਨੂੰ ਗੋਲੀਆਂ ਉਸ ਵੇਲੇ ਮਾਰੀਆਂ ਗਈਆਂ ਜਦ ਉਹ ਆਪਣੀ ਐਕਟਿਵਾ ’ਤੇ ਸਵੇਰੇ ਸੰਨੀ ਐਨਕਲੇਵ ਸਥਿਤ ਨਿੱਜੀ ਸਕੂਲ ‘ਦੀ ਨਾਲੇਜ ਬੱਸ’ ਦੇ ਸਾਹਮਣੇ ਪੁੱਜੀ ਹੀ ਸੀ। ਸਕੂਲ ਦੇ ਬਾਹਰ ਆਪਣੀ ਐਕਟਿਵਾ ਪਾਰਕ ਕਰ ਰਹੀ ਸਰਬਜੀਤ ਕੌਰ ’ਤੇ ਤਾਕ ਵਿਚ ਖੜ੍ਹੇ ਹਮਲਾਵਰਾਂ ਨੇ ਗੋਲੀਆਂ ਵਰ੍ਹਾ ਦਿੱਤੀਆਂ। ਉਸਨੂੰ ਤਿੰਨ ਗੋਲੀਆਂ ਲੱਗੀਆਂ ਜਿਸ ਮਗਰੋਂ ਉਸਨੂੰ ਸਥਾਨਕ ਮੈਕਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਲਿਆਂਦਿਆਂ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ’ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਪਤਾ ਲੱਗਾ ਹੈ ਕਿ ਸਰਬਜੀਤ ਕੌਰ ਅਤੇ ਉਸਦੀ ਧੀ ਖ਼ਰੜ ਸਥਿਤ ਐਸ.ਬੀ.ਪੀ.ਹੋਮਜ਼ ਵਿਖ਼ੇ ਕਿਰਾਏ ’ਤੇ ਰਹਿ ਰਹੀ ਸੀ। ਪਤਾ ਲੱਗਾ ਹੈ ਕਿ ਮੋਹਾਲੀ ਦੇ ਪਿੰਡ ਰਾਮਗੜ੍ਹ ਦੀ ਰਹਿਣ ਵਾਲੀ ਇਹ ਔਰਤ ਪਹਿਲਾਂ ਆਪਣੇ ਪਤੀ ਨਾਲ ਫ਼ਰਾਂਸ ਰਹਿੰਦੀ ਸੀ ਅਤੇ ਤਲਾਕ ਮਗਰੋਂ ਹੁਣ ਵਾਪਿਸ ਪੰਜਾਬ ਆਈ ਸੀ। ਉਹ ਹੁਣ ਨਿੱਜੀ ਸਕੂਲ ਵਿਚ ਬਤੌਰ ਟੀਚਰ ਨੌਕਰੀ ਕਰ ਰਹੀ ਸੀ। ਪਤਾ ਲੱਗਾ ਹੈ ਕਿ ਤਲਾਕ ਹੋ ਜਾਣ ਦੇ ਬਾਵਜੂਦ ਪਤੀ ਪਤਨੀ ਵਿਚਾਲੇ ਵਿਵਾਦ ਚੱਲਦਾ ਆ ਰਿਹਾ ਸੀ ਜਿਸ ਕਰਕੇ ਕਥਿਤ ਤੌਰ ’ਤੇ ਪਤੀ ਵੱਲੋਂ ਪਤਨੀ ’ਤੇ ਗੋਲੀ ਚਲਾਈ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ ਸੀ.ਸੀ.ਟੀ.ਵੀ.ਫੁੱਟੇਜ ਕਬਜ਼ੇ ਵਿਚ ਲੈ ਲਈ ਹੈ ਅਤੇ ਜਾਂਚ ਜਾਰੀ ਹੈ।