ਜਲੰਧਰ : ਸ਼ਹਿਰੀ ਪੁਲਿਸ ਜਲੰਧਰ ਵਲੋਂ ਸ਼ਹਿਰ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਲਾਈਨ ਵਿਖੇ ‘ਸ਼ਕਤੀ ਮੋਬਾਇਲ ਐਪ’ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮੋਬਾਇਲ ਐਪ ਨੂੰ ਜਰੂਰਤ ਸਮੇਂ ਮਹਿਲਾਵਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਹੈ ਇਸ ਲਈ ਮਹਿਲਾਵਾਂ ਨੂੰ ਇਸ ਨੂੰ ਅਪਣੇ ਮੋਬਾਇਲ ਫੋਨ ਵਿੱਚ ਜਰੂਰ ਡਾਊਨਲੋਡ ਕਰ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨ ’ਤੇ ਹੈਲਪ ਆਪਸ਼ਨ ਦਬਾਉਂਦਿਆਂ ਹੀ ਪੁਲਿਸ ਕਮਿਸ਼ਨਰ, ਖੇਤਰ ਦੇ ਸਹਾਇਕ ਪੁਲਿਸ ਕਮਿਸ਼ਨਰ ਪੁਲਿਸ ਅਤੇ ਐਸ.ਐਚ.ਓ., ਕੰਟਰੋਲ ਰੂਮ ਅਤੇ 10 ਹੋਰ ਸੰਪਰਕ ਨੰਬਰਾਂ ’ਤੇ ਜਿਸ ਨੂੰ ਮਹਿਲਾਵਾਂ ਵਲੋਂ ਆਪਣੇ ਮੋਬਾਇਲ ਵਿੱਚ ਜੋੜਿਆ ਗਿਆ ਹੈ ਨੂੰ ਸੁਨੇਹਾ ਪਹੁੰਚ ਜਾਵੇਗਾ ਅਤੇ ਇਸ ਉਪਰੰਤ ਤੁਰੰਤ ਮਹਿਲਾ ਨੂੰ ਸਹਾਇਤਾ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਮੋਬਾਇਲ ਐਪ ਦੀ ਵਰਤੋਂ ਕਰਨ ਵਾਲੀ ਮਹਿਲਾ ਜਿਸ ਜਗ੍ਹਾ ’ਤੇ ਉਹ ਮੌਜੂਦ ਹੈ ਦੀ ਸਥਿਤੀ ਸੰਪਰਕ ਨੰਬਰਾਂ, ਪੁਲਿਸ ਅਧਿਕਾਰੀਆਂ ਅਤੇ ਕੰਟਰੋਲ ਰੂਮ ਨੂੰ ਵੀ ਮਿਲ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ‘ਸ਼ਕਤੀ ਮੋਬਾਇਲ ਐਪ’ ਐਨਰਾਇਡ ਮੋਬਾਇਲ ’ਤੇ ਉਪਲਬੱਧ ਹੋਵੇਗੀ ਜਿਸ ਵਿੱਚ ਐਸ.ਓ.ਐਸ., ਮੈਂ ਕਿੱਥੇ ਹਾਂ, ਕਲਿੱਕ ਅਤੇ ਮੇਲ ਅਤੇ ਪੁਲਿਸ ਸਟੇਸ਼ਨਾਂ ਦਾ ਵੇਰਵਾ ਸ਼ਾਮਿਲ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਾਲੀ ਇਹ ਐਪ ਮਾੜੀ ਸੋਚ ਵਾਲੇ ਵਿਅਕਤੀ ਦੀ ਫੋਟੋ ਖਿੱਚ ਕੇ ਭੇਜਣ ਵਾਲੇ ਦੀ ਪਹਿਚਾਣ ਕਰਵਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ ਜਿਸ ਦੀ ਤਸਵੀਰ ਮੋਬਾਇਲ ਐਪ ਦੀ ਵਰਤੋਂ ਕਰਨ ਵਾਲੀ ਮਹਿਲਾ ਵਲੋਂ ਭੇਜੀ ਗਈ ਹੈ ਜਿਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਭੁੱਲਰ ਨੇ ਕਿਹਾ ਕਿ ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਨੂੰ ਪੁਲਿਸ ਵਿਭਾਗ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਸ਼ਕਤੀ ਮੋਬਾਇਲ ਐਪ ਰਾਹੀਂ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਨੂੰ ਰੋਕਣ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਅਤੇ ਸਾਂਝ ਕੇਂਦਰਾਂ ਦੇ ਅਧਿਕਾਰੀਆਂ ਵਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਲੜਕੀਆਂ ਨੂੰ ਐਪ ਬਾਰੇ ਅਤੇ ਇਸ ਨੂੰ ਚਲਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਪੁਲਿਸ ਕਮਿਸ਼ਨਰ ਨੇ ਸਕੂਲਾਂ ਅਤੇ ਕਾਲਜਾਂ ਤੇ ਹੋਰਨਾ ਨੂੰ ਇਸ ਮੋਬਾਇਲ ਐਪ ਦੀ ਜਾਗਰੂਕਤਾ ਲਈ ਪੂਰਨ ਸਹਿਯੋਗ ਦੇਣ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਉਨਾਂ ਵਲੋਂ ਮੀਟਿੰਗ ਵਿੱਚ ਹਾਜ਼ਰ ਟੈਕਸੀ ਅਤੇ ਆਟੋ ਰਿਕਸ਼ਾ ਯੂਨੀਅਨਾਂ ਵਲੋਂ ਪੂਰਨ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ, ਅਰੁਣ ਸੈਣੀ ਅਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।