ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ ਨੂੰ ਸਾਡੇ ਸਾਰਿਆਂ ਵਲੋਂ ਹਮੇਸ਼ਾਂ ਦੂਰ ਅੰਦੇਸ਼ੀ ਸੋਚ ਵਾਲੇ ਆਗੂ ਵਜੋਂ ਯਾਦ ਰੱਖਿਆ ਜਾਵੇਗਾ ਜਿਨਾਂ ਨੇ ਭਾਰਤੀ ਸੰਵਿਧਾਨ ਵਿੱਚ ਮਹਿਲਾਵਾਂ ਨੂੰ ਸਸ਼ਕਤੀਕ੍ਰਿਤ ਬਣਾਉਣ ਲਈ ਬਰਾਬਰ ਦੇ ਅਧਿਕਾਰ ਪ੍ਰਦਾਨ ਕੀਤੇ।
ਸੀ.ਟੀ.ਇੰਸਟੀਚਿਊਟ ਮਕਸੂਦਾਂ ਵਿਖੇ ‘ਡਾ.ਅੰਬੇਦਕਰ ਦੀ ਮਹਿਲਾਵਾਂ ਦੇ ਸ਼ਸਕਤੀਕਰਨ ’ਚ ਭੂਮਿਕਾ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਬਾ ਸਾਹਿਬ ਨੇ ਮਹਿਲਾ ਸਸ਼ਕਤੀਕਰਨ ਅਤੇ ਦਬੇ ਕੁਚਲੇ ਲੋਕਾਂ ਦੀ ਅਵਾਜ਼ ਨੂੰ ਉਸ ਵੇਲੇ ਬੁਲੰਦ ਕੀਤਾ ਜਦੋਂ ਇਨਾਂ ਦਾ ਪੂਰੀ ਤਰ੍ਹਾਂ ਸੋਸ਼ਣ ਕੀਤਾ ਜਾ ਰਿਹਾ ਸੀ। ਉਨ੍ਹਾ ਮਹਿਲਾਵਾਂ ਨੂੰ ਸਸ਼ਕਤੀਕ੍ਰਿਤ ਬਣਾਉਣ ਵਿੱਚ ਪਾਏ ਡਾ.ਬੀ.ਆਰ.ਅੰਬੇਦਕਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਦੇ ਇਸ ਵੱਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਸ੍ਰੀ ਸ਼ਰਮਾ ਨੇ ਕਿਹਾ ਕਿ ਮਹਿਲਾਵਾ ਨੂੰ ਸਮਾਜਿਕ,ਰਾਜਨੀਤੀ ਅਤੇ ਆਰਥਿਕ ਖੇਤਰ ਵਿੱਚ ਸਸ਼ਕਤੀਸ਼ਾਲੀ ਬਣਾਉਣ ਲਈ ਕੀਤੇ ਗਏ ਯਤਨਾਂ ਸਦਕਾ ਮਹਿਲਾਵਾਾਂ ਵਲੋਂ ਜਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕੀਤਾ ਜਾ ਰਿਹਾ ਹੈ।
ਡਾ.ਬੀ.ਆਰ.ਅੰਬੇਦਕਰ ਜੀ ਦੀ ਨਿਗ੍ਹਾ ਵਿੱਚ ਮਹਿਲਾਵਾਂ ਦੀ ਸਿੱਖਿਆ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਅੰਬੇਦਕਰ ਦੀ ਇਛਾ ਸੀ ਕਿ ਸਾਰਿਆਂ ਲਈ ਅਤੇ ਖਾਸ ਕਰਕੇ ਮਹਿਲਾਵਾਂ ਲਈ ਸਿੱਖਿਆ ਦਾ ਬਰਾਬਰ ਅਧਿਕਾਰ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਵਲੋਂ ਜ਼ੋਰ ਦਿੱਤਾ ਜਾਂਦਾ ਸੀ ਕਿ ਸਿੱਖਿਅਤ ਮਹਿਲਾਵਾਂ ਦੇਸ਼ ਅਤੇ ਸਮਾਜ ਦੀ ਖੁਸ਼ਹਾਲੀ ਦੀ ਨੀਂਹ ਨੂੰ ਮਜਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾ ਕਿਹਾ ਕਿ ਡਾ.ਅੰਬੇਦਕਰ ਦੀ ਲੜਾਈ ਕਿਸੇ ਖਾਸ ਵਰਗ ਨਾਲ ਨਹੀਂ ਸੀ ਸਗੋਂ ਇਹ ਜਾਤ-ਪਾਤ ਦੇ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਡਾ.ਅਬੰੇਦਕਰ ਵਲੋਂ ਨਿਭਾਈਆਂ ਗਈਆਂ ਮਹਾਨ ਸੇਵਾਵਾਂ ਕਿਸੇ ਵੀ ਤਰ੍ਹਾਂ ਦੁਨੀਆਂ ਦੇ ਆਦਰਸ਼ਵਾਦੀ ਆਗੂਆਂ ਜਿਵੇਂ ਕਿ ਮਾਓ, ਲੇਨਿਨ, ਡਾ.ਮਾਰਟਿਨ, ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਅਤੇ ਹੋਰਨਾਂ ਨਾਲੋਂ ਘੱਟ ਨਹੀਂ ਹਨ।
ਇਸ ਤੋਂ ਪਹਿਲਾਂ ਸੀ.ਟੀ.ਇੰਸਟੀਚਿਊਟ ਦੇ ਮੇਨੈਜਿੰਗ ਡਾਇਰੈਕਟਰ ਮਨਬੀਰ ਸਿੰਘ ਵਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਆਈਆਂ ਸਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ, ਅਸ਼ੋਕ ਸਹੋਤਾ ਅਤੇ ਡਾਇਰੈਕਟਰ ਜਸਦੀਪ ਕੌਰ ਧਾਮੀ ਅਤੇ ਹੋਰ ਵੀ ਹਾਜ਼ਰ ਸਨ।