ਜਲੰਧਰ : ਐਸ.ਐਸ.ਪੀ.ਵਿਜੀਲੈਂਸ ਸ੍ਰ.ਦਲਜਿੰਦਰ ਸਿੰਘ ਢਿਲੋਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਮਾਜ ਅਤੇ ਦੇਸ਼ ਦੀ ਸੇਵਾ ਲਈ ਪੁਲਿਸ ਬਲਾਂ ਵਿੱਚ ਭਰਤੀ ਹੋਇਆ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਮ ਵਿਖੇ ਕਰਵਾਏ ਜਾ ਰਹੇ ਛੇਵੇਂ ਸਪਾਰਕ ਮੇਲੇ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਢਿਲੋਂ ਵਲੋਂ ਸਿਪਾਹੀ, ਸਬ ਇੰਸਪੈਕਟ+, ਇੰਸਪੈਕਟਰ, ਡੀ.ਐਸ.ਪੀ. ਅਤੇ ਪੁਲਿਸ ਵਿਭਾਗ ਵਿੱਚ ਹੋਰਨਾਂ ਉਚ ਆਹੁਦਿਆਂ ’ਤੇ ਭਰਤੀ ਸਬੰਧੀ ਸਹੀ ਪ੍ਰਕਿਰਿਆ ਅਤੇ ਲਿਖਤੀ ਤੇ ਸਰੀਰਿਕ ਟੈਸਟ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦਾ ਅਜ਼ਾਦੀ ਤੋਂ ਪਹਿਲਾਂ 1861 ਤੋਂ ਸ਼ਾਨਦਾਰ ਇਤਿਹਾਸ ਹੈ। ਇਸ ਮੌਕੇ ਉਨ੍ਹਾਂ ਵਲੋਂ ਦੇਸ ਸੇਵਾ ਅਤੇ ਪੰਜਾਬ ਵਿੱਚ ਸਾਂਤੀ ਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਨਿਭਾਈ ਗਈ ਸ਼ਾਨਦਾਰ ਪਰੰਪਰਾ ਨੂੰ ਵੀ ਯਾਦ ਕੀਤਾ ਗਿਆ।
ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਕਿਸੇ ਵੀ ਸੰਸਥਾ ਦੀ ਕਾਮਯਾਬੀ ਪਿਛੇ ਅਨੁਸਾਸ਼ਨ ਅਤੇ ਸਖ਼ਤ ਮਿਹਨਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਬਲਾਂ ਦੇ ਜਵਾਨਾਂ ਵਲੋਂ ਕਾਨੂੰਨ ਦੀ ਰੱਖਿਆ ਅਤੇ ਲਾਗੂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਦਾ ਇਕੋ ਮਕਸਦ ਲੋਕਾਂ ਦੇ ਹਿੱਤਾਂ ਦੀ ਰਾਖੀ ਅਤੇ ਉਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ।
ਸ੍ਰ.ਦਲਜਿੰਦਰ ਸਿੰਘ ਢਿਲੋਂ ਨੇ ਵਿਦਿਆਰਥੀਆਂ ਨੂੰ ਪੁਲਿਸ ਬਲਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਭਾਵੇਂ ਪੁਲਿਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਉਨਾਂ ਲਈ ਬੜੇ ਮਾਣ ਤੇ ਸਤਿਕਾਰ ਵਾਲੀ ਗੱਲ ਹੈ।