ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੇ ਦਿਸ਼ਾ-ਨਿਰਦੇਸ਼ ਹੇਠ ਤੇ ਪ੍ਰੋ. ਤਰਸੇਮ ਸਿੰਘ ਇੰਚਾਰਜ ਐਨ.ਐਸ.ਐਸ. ਦੀ ਅਗਵਾਈ ਵਿਚ ਐਨ.ਐਸ.ਐਸ. ਕੈਂਪ ਦੇ ਦੌਰਾਨ ਪਿੰਡ ਜੌਹਲਾਂ ਵਿਖੇ ਨਸ਼ਾ ਮੁਕਤ ਰੈਲੀ ਕੱਢੀ ਗਈ। ਇਸ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਚਾਹਵਾਲੇ ਤੇ ਪ੍ਰੋ. ਤਰਸੇਮ ਸਿੰਘ ਦੁਆਰਾ ਨਸ਼ਾ ਮੁਕਤ ਰੈਲੀ ਦੀ ਸ਼ੁਰੂਆਤ ਕਰਾਈ। ਇਸ ਰੈਲੀ ਵਿੱਚ ਵੱਡੀ ਪੱਧਰ ਤੇ ਵਿਦਿਆਰਥੀ ਸ਼ਾਮਲ ਹੋਏ। ਵਿਦਿਆਰਥੀਆਂ ਨੇ ਪਿੰਡ ਜੌਹਲਾਂ ਦੇ ਰਸਤਿਆਂ ਤੇ ਸ਼ਮਸ਼ਾਨ ਘਾਟ ਦੀ ਵੀ ਸਫਾਈ ਕੀਤੀ ਅਤੇ ਰੈਲੀ ਦੌਰਾਨ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਵੀ ਕੀਤਾ। ਇਸ ਮੌਕੇ ਬਾਬਾ ਹਰਜਿੰਦਰ ਸਿੰਘ ਚਾਹਵਾਲੇ, ਪ੍ਰੋ. ਤਰਸੇਮ ਸਿੰਘ, ਪ੍ਰੋ. ਮਨਜਿੰਦਰ ਸਿੰਘ ਜੌਹਲ ਤੇ ਪ੍ਰੋ. ਸਤਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨ ਅਤੇ ਐਨ.ਐਸ.ਐਸ. ਕੈਂਪ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਦੱਸਿਆ। ਕੈਂਪ ਦੌਰਾਨ ਵਿਦਿਆਰਥੀਆਂ ਨੇ ਆਪਸ ਵਿਚ ਸਮਾਜਿਕ ਸਮੱਸਿਆ ਪ੍ਰਤੀ ਵਿਚਾਰ-ਵਟਾਂਦਰੇ ਵੀ ਕੀਤੇ ਅਤੇ ਸਮਾਜ ਨੂੰ ਵਧੀਆ ਬਣਾਉਣ ਲਈ ਆਪਣੇ ਸੁਝਾਅ ਵੀ ਦਿੱਤੇ। ਅੰਤ ਵਿਚ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਪਿੰਡ ਜੌਹਲਾਂ ਵਿਖੇ ਕੈਂਪ ਲਾਉਣ ਲਈ ਐਨ.ਐਸ.ਐਸ. ਟੀਮ ਦਾ ਧੰਨਵਾਦ ਕੀਤਾ। ਕੈਂਪ ਵਿੱਚ ਡਾ. ਪ੍ਰਿਆਂਕ ਸ਼ਾਰਧਾ ਵੀ ਮੌਜ਼ੂਦ ਸਨ।