ਜਲੰਧਰ : ਜਲੰਧਰ ਮਾੜੇ ਰਿਕਾਰਡ ਵਾਲੇ ਪੁਲਿਸ ਕਰਮਚਾਰੀਆਂ ਨੂੰ ਛਾਂਟ ਕੇ ਪੰਜਾਬ ਪੁਲਿਸ ਦੀ ਲੋਕਾਂ ਵਿਚ ਛਵੀ ਨੂੰ ਸਾਫ ਕਰਨ ਦੇ ਮੰਤਵ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਮਾੜੇ ਰਿਕਾਰਡ ਵਾਲੇ 12 ਪੁਲਿਸ ਕਰਮਚਾਰੀਆਂ ਨੂੰ ਜ਼ਬਰੀ ਸੇਵਾਮੁਕਤ ਕਰ ਦਿੱਤਾ ।

ਪੁਲਿਸ ਕਮਿਸ਼ਨਰ ਵਲੋਂ ਚੁੱਕੇ ਗਏ ਇਸ ਸਖਤ ਕਦਮ ਨਾਲ ਅੱਜ ਪੰਜ ਥਾਣੇਦਾਰਾਂ, ਛੇ ਹੌਲਦਾਰਾਂ ਤੇ ਇਕ ਸਿਪਾਹੀ ਸਮੇਤ 12 ਪੁਲਿਸ ਅਧਿਕਾਰੀ ਨੂੰ ਜ਼ਬਰੀ ਸੇਵਾਮੁਕਤ ਕਰ ਦਿੱਤਾ ਗਿਆ । ਪੁਲਿਸ ਕਮਿਸ਼ਨਰ ਵਲੋਂ ਇਹ ਕਦਮ ਇਹਨਾਂ ਕਰਮਚਾਰੀਆਂ ਦੇ ਸਰਵਿਸ ਰਿਕਾਰਡ ਤੇ ਗਤਿਵਿਧਿਆਂ ਨੂੰ ਚੰਗੀ ਤਰਾਂ ਨਾਲ ਘੋਖਣ ਉਪਰੰਤ ਲਿਆ ਗਿਆ ਹੈ । ਇਸ ਕਦਮ ਦਾ ਇਕੋ ਇਕ ਮੰਤਵ ਲੋਕਾਂ ਵਿਚ ਪੰਜਾਬ ਪੁਲਿਸ ਦੀ ਛਵੀ ਨੂੰ ਖ਼ਰਾਬ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਸਬਕ ਸਿਖਾਉਣਾ ਹੈ ।

ਇਸੇ ਤਰਾਂ ਨਾਲ ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਮਿਸ਼ਨਰੇਟ ਪੁਲਿਸ ਵਿਚ ਸੇਵਾ ਨਿਭਾਅ ਰਹੇ ਸਾਰੇ ਕਰਮਚਾਰੀਆਂ ਦੇ ਰਿਕਾਰਡ ਦੀ ਘੋਖ ਕਰ ਕੇ ਉਸ ਬਾਰੇ ਜਾਣਕਾਰੀ ਉਹਨਾਂ ਨੂੰ ਦੇਣ । ਤਾਂ ਜੋ ਕੋਈ ਵੀ ਅਧਿਕਾਰੀ ਜਾ ਕਰਮਚਾਰੀ ਪੁਲਿਸ ਦੀ ਵਰਦੀ ਤੇ ਦਾਗ ਨਾ ਲਾ ਸਕੇ । ਆਉਣ ਵਾਲੇ ਦਿਨਾਂ ਵਿਚ ਕਈ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਵੀ ਅਜੇਹੀ ਗਾਜ਼ ਡਿੱਗੇਗੀ ਜਿਹਨਾਂ ਦੇ ਮਾੜੇ ਰਿਕਾਰਡ ਦੀ ਜਾਂਚ ਜ਼ਾਰੀ ਹੈ ।

ਇਸ ਬਾਰੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ ਕਰਨ ਵਿਚ ਇਕ ਸ਼ਾਨਦਾਰ ਰਵਾਇਤ ਹੈ ਜਿਸ ਨੂੰ ਦਾਗਦਾਰ ਕਰਨ ਦੀ ਇਜ਼ਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਦੇਸ਼ ਸੇਵਾ ਸੰਬੰਧੀ ਅਮੀਰ ਵਿਰਾਸਤ ਨੂੰ ਸੰਭਾਲਣਾ ਸਾਡੇ ਸਾਰਿਆਂ ਦਾ ਫਰਜ਼ ਹੈ ਅਤੇ ਇਸ ਵਿਚ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ । ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ/ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਿੱਤੀ ਜਾਵੇਗੀ ।