ਅੰਮ੍ਰਿਤਸਰ: ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸਰਕਾਰੀ ਸਕੂਲਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਕੀ ਕਰਵਾਈ ਜਾ ਰਹੀ ਤਿੰਨ ਰੋਜ਼ਾ ਨੈਸ਼ਨਲ ਕਾਨਫਰੰਸ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੀ ਆਰਟ ਗੈਲਰੀ ਵਿਖੇ ਸ਼ੁਰੂ ਹੋ ਗਈ ਹੈ ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਵੋਦਿਆ ਕ੍ਰਾਂਤੀ ਪਰਿਵਾਰ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਦੱਸਿਆ ਕਿਇਸ ਕਾਨਫ਼ਰੰਸ ਦੌਰਾਨ ਪੂਰੇ ਦੇਸ਼ ਚੋਂ ਪਹੁੰਚਣ ਵਾਲੇ ਉੱਚ ਕੋਟੀ ਦੇ ਵਿਦਵਾਨ ਜਿੱਥੇ ਸਰਕਾਰੀ ਸਕੂਲਾਂ ਤੇ ਉਨ੍ਹਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਿਹਤਰੀ ਲਈ ਆਪਣੇ ਵਿਚਾਰ ਸਾਂਝੇ ਕਰਨਗੇ ਉੱਥੇ ਹੀ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਯਤਨ ਕਰਨ ਵਾਲੇ ਮਿਹਨਤੀ ਅਧਿਆਪਕਾਂ ਨੂੰ ਨੈਸ਼ਨਲ ਤੇ ਸਟੇਟ ਅਵਾਰਡਾਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਜਿਸ ਦੌਰਾਨ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਿਤ ਅਧਿਅਾਪਕਾਂ ‘ਚੋਂ ਸਿੱਖਿਆ ਸਮੇਤ ਹੋਰਨਾਂ ਸਮਾਜਿਕ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਅਧਿਆਪਕ ਸੁਖਜਿੰਦਰ ਸਿੰਘ ਹੇਰ ਤੇ ਪ੍ਰਿ. ਭੁਪਿੰਦਰ ਕੌਰ ਨੂੰ ਨੈਸ਼ਨਲ ਜਦ ਕਿ ਅਧਿਆਪਕ ਮਨਪ੍ਰੀਤ ਸਿੰਘ ਸੰਧੂ ਚਮਿਆਰੀ,ਹਰਬਿੰਦਰ ਸਿੰਘ,ਜਗਦੇਵ ਸਿੰਘ,ਸਰਬਜੀਤ ਸਿੰਘ ਜੰਡਿਆਲਾ ਗੁਰੂ, ਬਲਜੀਤ ਕੌਰ ਕੋਟਲੀ ਸੱਕਿਆਂ ਵਾਲੀ,ਗੁਰਨਾਮ ਕੌਰ ਨੂੰ ਰਾਜ ਪੱਧਰੀ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ। ਦੱਸਣਯੋਗ ਹੈ ਕਿ ਨਵੋਦਿਆ ਕਾਂਤੀ ਪਰਿਵਾਰ ਵੱਲੋਂ ਹਰ ਸਾਲ ਇੱਕ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ ਅਤੇ ਇਸ ਪਰਿਵਾਰ ਨਾਲ 20 ਤੋਂ ਵੱਧੇਰੇ ਵੱਖ-ਵੱਖ ਰਾਜਾਂ ਦੇ ਅਧਿਆਪਕ ਜੁੜੇ ਹਨ । ਇਸ ਸੰਸਥਾਂ ਵੱਲੋਂ ਆਪਣਾ ਏਹ ਦੂਸਰਾ ਰਾਸ਼ਟਰੀ ਪੱਧਰ ਦਾ ਸਨਮਾਨ ਸਮਾਰੋਹ ਤੇ ਕਾਨਫ਼ਰੰਸ 2 ਤੋਂ 4 ਫਰਵਰੀ ਤੱਕ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਕਰਵਾਈ ਜਾ ਰਹੀ ਹੈ । ਜਾਣਕਾਰੀ ਅਨੁਸਾਰ ਸਰਕਾਰੀ ਅਧਿਆਪਕਾਂ ਦੇ ਇਸ ਮਹਾਂ ਕੁੰਭ ਵਿੱਚ ਪੂਰੇ ਦੇਸ਼ ਤੋਂ 500 ਤੋਂ 600 ਅਧਿਆਪਕਾਂ ਦੇ ਪਹੁੰਚਣ ਦੀ ਉਮੀਦ ਹੈ । ਇਸ ਕਾਨਫ਼ਰੰਸ ‘ਚ ਪਹੁੰਚਣ ਵਾਲੇ ਅਧਿਆਪਕਾਂ ਦੀ ਰਿਹਾਇਸ਼ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਸਦਕਾ ਕੀਤਾ ਗਿ ਹੈ ।