ਲੁਧਿਆਣਾ : ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਲੇਖਕ ਸਭਾ ਦੇ ਬੁਲਾਵੇ ਤੇ ਅੰਮ੍ਰਿਤਸਰ ਵੱਸਦੇ ਨੌਜਵਾਨ ਪੰਜਾਬੀ ਕਵੀ ਰਾਜਨ ਮਾਨ ਦੀ ਪਲੇਠੀ ਕਾਵਿ ਪੁਸਤਕ ਪਹਿਲੀ ਪੂਣੀ ਨੂੰ ਅੱਜ ਲੋਕ ਅਰਪਣ ਕੀਤਾ ਗਿਆ।ਕਾਵਿ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਸਿਰਜਕ ਰਾਜਨ ਮਾਨ ਦੀ ਸ਼ਾਇਰੀ ਸਮਾਂ ਕਾਲ ਦੀ ਰਫ਼ਤਾਰ ਨੂੰ ਬਾਰੀਕ ਬੀਨੀ ਨਾਲ ਵਾਚਦੀ ਹੈ, ਇਸੇ ਕਰਕੇ ਇਸ ਦੀ ਰਚਨਾ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਸ਼ਬਦ ਉਸ ਕੋਲ ਪੈਲਾਂ ਪਾਉਂਦੇ ਆਉਂਦੇ, ਰੂਹ ਦੀ ਤਰਬ ਹਿਲਾਉਂਦੇ ਤੇ ਉਹ ਉਨ੍ਹਾਂ ਨੂੰ ਬੋਲਣਾ ਸਿਖਾਉਣ ਲੱਗ ਪਿਆ ਹੈ ,ਏਸੇ ਕਰਕੇ ਹੀ ਉਸਦੀ ਹਰ ਖ਼ਬਰ, ਲਿਖਤ ਲੋਕ ਹੱਕਾਂ ਲਈ ਕਰਮਸ਼ੀਲ ਰਹਿੰਦੀ ਹੈ। ਰਾਜਨ ਮਾਨ ਕੋਲ ਬਾਰੀਕਬੀਨ ਅੱਖ ਹੈ, ਬੁਰੇ ਤੇ ਭਲੇ ਦਾ ਨਿਖੇੜਾ ਕਰਕੇ ਪਾਠਕ ਨੂੰ ਚੰਗੇ ਦੇ ਹੱਕ ‘ਚ ਭੁਗਤਣ ਵਾਲੀ। ਉਹ ਸਰਹੱਦੀ ਲੋਕਾਂ ਦੀਆਂ ਪੀੜਾਂ ਸੁੰਘਦਾ-ਸੁੰਘਾਉਂਦਾ ਸ਼ਾਇਰ ਬਣਿਆ ਹੈ, ਉਸਦੇ ਕਰਮ ਯੋਗ ਦਾ ਨਿਸ਼ਾਨਾ ਹੀ ਏਹੀ ਹੈ ਕਿ ਓਥੇ ਜਾਈਏ ਜਿੱਥੇ ਕੋਈ ਨਹੀਂ ਅੱਪੜਦਾ। ਕਈ ਵਾਰ ਸੂਰਜ ਵੀ ਲਿੱਸੇ ਨਿਤਾਣੇ ਘਰਾਂ ਨੂੰ ਝਕਾਨੀ ਮਾਰ ਜਾਂਦਾ ਹੈ, ਇਹਨਾਂ ਨੁੱਕਰੀਂ ਲੱਗੇ ਲੋਕਾਂ ਦਾ ਮਸੀਹਾ ਹੈ ਰਾਜਨ ਮਾਨ ! ਰਾਜਨ ਮਾਨ ਦੀਆਂ ਕਵਿਤਾਵਾਂ ਵਿਚ ਦਰਿਆ ਵਰਗਾ ਬੇਮੁਹਾਰਾ ਵੇਗ ਹੈ, ਨਹਿਰੀ ਅਨੁਸ਼ਾਸਨ ਨਹੀਂ। ਪਰ ਇਸ ਦਾ ਇਹ ਅਰਥ ਹੀ ਨਾ ਸਮਝ ਲਿਆ ਜਾਵੇ ਕਿ ਰਾਜਨ ਦੀਆਂ ਕਵਿਤਾਵਾਂ ਸੰਦੇਸ਼ ਜਾਂ ਅਨੁਸ਼ਾਸਨ ਨੂੰ ਨਹੀਂ ਮੰਨਦੀਆਂ। ਇਨ੍ਹਾਂ ਅੰਦਰ ਅੰਦਰੂਨੀ ਅਨੁਸ਼ਾਸਨ ਹੈ, ਸਰਸਬਜ਼ ਚਸ਼ਮੇ ਵਰਗਾ। ਰਾਜਨ ਮਾਨ ਸ਼ਬਦ ਘਾੜਾ ਨਹੀਂ, ਸ਼ਬਦ ਸਾਧਕ ਹੈ। ਸ਼ਬਦਾਂ ਨਾਲ ਖੇਡਣਾ ਭਲੀ ਭਾਂਤ ਜਾਣਦਾ ਹੈ। ਉਸ ਕੋਲ ਹੱਸਾਸ ਮਨ ਹੈ ਤਰਲ ਜਿਹਾ, ਜੋ ਹਰ ਰੂਪ ਸਰੂਪ ਵਿਚ ਢਲ ਕੇ ਵੀ ਸੰਵੇਦਨਸ਼ੀਲ ਹੀ ਰਹਿੰਦਾ ਹੈ।

ਰਾਜਨ ਮਾਨ ਨੂੰ ਪੰਜਾਬ ਦੇ ਗੁੰਮਣ ਦਾ ਵੀ ਨਿਵੇਕਲਾ ਸੱਜਰਾ ਅਹਿਸਾਸ ਹੈ। ਘਰ ਤੇ ਮਕਾਨ ਵਿਚਲਾ ਫਾਸਲਾ ਤਾਂ ਉਸ ਦੇ ਪੂਰਬਲੇ ਕਈ ਸ਼ਾਇਰਾਂ ਨੇ ਕਲਮਬੰਦ ਕੀਤਾ ਹੈ, ਪਰ ਜਿਸ ਅੰਦਾਜ਼ ਨਾਲ ਉਸਨੇ ਉਲੀਕਿਆ ਹੈ, ਇਹ ਅੰਦਾਜ਼ ਬੜਾ ਪਿਆਰਾ ਲੱਗਾ ਹੈ :

ਘਰ ਸੀ ਕਦੇ, ਹੁਣ ਮਕਾਨ ਹੋ ਗਏ।

ਵਿਛਦੇ ਸੀ ਅਲਾਣੀਆਂ ਤੇ ਜੋ

ਹੁਣ ਉਹ ਪਾਏਦਾਨ ਹੋ ਗਏ।

ਪੁਸਤਕ ਬਾਰੇ ਗੱਲ ਅੱਗੇ ਤੋਰਦਿਆਂ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਰਾਜਨ ਮਾਨ ਨੇ ਖ਼ਬਰਾਂ ‘ਚੋਂ ਨਿਕਲ ਕੇ ਜ਼ਿੰਦਗੀ ਦੇ ਕੁਝ ਪਲ ਸ਼ਾਇਰੀ ਨੂੰ ਸਮਰਪਿਤ ਕੀਤੇ ਹਨ, ਹਰਫ਼ਾਂ ਦੀ ਮਾਲਾ ਪਰੋਈ ਹੈ ਤੇ ਵਕਤ ਨਾਲ ਇਕਰਾਰਨਾਮਾ ਲਿਖਿਆ ਹੈ। ਉਸਦੀ ਸ਼ਾਇਰੀ ਵਿੱਚ ਮੁਹੱਬਤ ਪ੍ਰਬਲ ਵਹਿਣ ਵਰਗੀ ਹੈ, ਪੁੰਨਿਆ ਦੇ ਚੰਨ ਵਰਗੇ ਕੋਮਲ ਮੁਲਾਇਮ ਰਿਸ਼ਤਿਆਂ ਲਈ ਰੇਸ਼ਮੀ ਸੰਬੋਧਨ ਵਰਗੀ ਹੈ ।ਉਹਨਾਂ ਕਿਹਾ ਕਿ ਰਾਜਨ ਮਾਨ ਦੀ ਲਿਖਤ ਚਾਹੇ ਪੱਤਰਕਾਰੀ ਲਈ ਹੈ ਜਾਂ ਫਿਰ ਸਾਹਿਤਕ ਲਿਖਣੀ ਦੋਨੋਂ ਹੀ ਸਮਾਜ ਨੂੰ ਸੇਧ ਵੀ ਦੇਂਦੀਆਂ ਹਨ ਅਤੇ ਸਰਕਾਰੀ ਸਿਸਟਮ ਨੂੰ ਚੋਟ ਵੀ ਮਾਰਦੀਆਂ ਹਨ। ਤ੍ਰੈਲੋਚਨ ਲੋਚੀ ਨੇ ਕਿਹਾ ਕਿ ਸ਼ਾਇਰੀ, ਵਕਤ ਤੇ ਵਗਦਾ ਪਾਣੀ ਨਿਰੰਤਰ ਤੁਰਦਾ ਹੈ, ਇਸਨੂੰ ਅੱਗੇ ਰੇੜ੍ਹਨ ਲਈ ਕਿਸੇ ਵਿਸ਼ੇਸ਼ ਕੋਸ਼ਿਸ਼ ਦੀ ਜ਼ਰੂਰਤ ਨਹੀਂ ਸਗੋਂ ਖੁਦ ਰੌਅ ਚੱਲਦਾ ਪ੍ਰਵਾਹ ਹੈ। ਰਾਜਨ ਮਾਨ ਨੇ ਇਹ ਸੱਚ ਕਰ ਵਿਖਾਇਆ ਹੈ। ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਕਿਹਾ ਕਿ ਰਾਜਨ ਮਾਨ ਦਾ ਮੁਰਸ਼ਦ ਮੁਹੱਬਤ ਹੈ, ਜਿਸਮਾਂ ਤੋਂ ਪਾਰਲੀ ਮੁਹੱਬਤ, ਜਿੱਥੇ ਜਿਸਮ ਗੈਰ ਹਾਜ਼ਰ ਹੋ ਜਾਂਦਾ ਹੈ। ਇਸ ਮੌਕੇ ਤੇ ਬੋਲਦਿਆਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਤੋਂ ਅਏ ਵਿਧਾਇਕ ਦਿਲਜੀਤਪਾਲ ਸਿੰਘ ਬਰਾੜ ਨੇ ਕਿਹਾ ਕਿ ਮਾਨ ਨੇ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਉਹ ਹਰ ਵਕਤ ਲੋਕ ਹੱਕਾਂ ਦੀ ਗੱਲ ਕਰਦਾ ਰਿਹਾ ਹੈ। ਉਨਾਂ ਕਿਹਾ ਕਿ ਪੱਤਰਕਾਰੀ ਤੋਂ ਸਾਹਿੱਤ ਦੇ ਖੇਤਰ ਵੱਲ ਆਉਣਾ ਇੱਕ ਵਧੀਆ ਉਪਰਾਲਾ ਹੈ। ਇਸ ਮੌਕੇ ਤੇ ਡਾ: ਗੁਲਜ਼ਾਰ ਪੰਧੇਰ, ਜਸਬੀਰ ਝੱਜ ਤੇ ਡਾ: ਦੇਵਿੰਦਰ ਦਿਲਰੂਪਸਮੇਤ ਕਈ ਹਰ ਵੀ ਸਾਹਿਤ ਖੇਤਰ ਦੀਆਂ ਨਾਮਵਾਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।