ਜਲੰਧਰ : ਸਰਕਾਰ ਦੇ ਚੌਕਸੀ ਵਿਭਾਗ ਵੱਲੋਂ ਬੀਤੇ ਨਵੰਬਰ ਮਹੀਨੇ ‘ਚ ਸੂਬੇ ਦੇ ਤਮਾਮ ਪਟਵਾਰੀਆਂ ਖਿਲਾਫ ਮੋਰਚਾ ਖੋਲ੍ਹਿਆ ਸੀ, ਜਿਸ ਤਹਿਤ ਤਮਾਮ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਨੰਬਰ 33294 ਰਾਹੀਂ ਪਟਵਾਰੀਆਂ ਵੱਲੋਂ ਰੱਖੇ ਗਏ ਪ੍ਰਾਈਵੇਟ ਕਰਿੰਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਬਾਹਰ ਕੱਢਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਚਾਹੇ ਸਰਕਾਰੀ ਚਿੱਠੀ ਦਾ ਕੁਝ ਸਮੇਂ ਤੱਕ ਖੂਬ ਅਸਰ ਦੇਖਣ ਨੂੰ ਮਿਲਿਆ। ਵਿਭਾਗ ਦੀ ਕਾਰਵਾਈ ਕਾਰਨ ਤਹਿਸੀਲ ਦੇ ਪਟਵਾਰੀਆਂ ਨੇ ਆਪਣੇ ਹੇਠਾਂ ਕੰਮ ਕਰਨ ਵਾਲੇ ਨਿੱਜੀ ਮੁੰਡਿਆਂ ਨੂੰ ਦੌੜਾ ਦਿੱਤਾ ਸੀ ਪਰ ਦੋਬਾਰਾ ਤੋਂ ਹਾਲਾਤ ਫਿਰ ਉਹੀ ਬਣ ਚੁੱਕੇ ਹਨ। ਤਕਰੀਬਨ ਸਾਰੇ ਹੀ ਪਟਵਾਰੀਆਂ ਨੇ ਆਪਣੇ ਹੇਠਾਂ ਨਿੱਜੀ ਮੁੰਡਿਆਂ ਨੂੰ ਪਨਾਹ ਦੇਕੇ ਸਰਕਾਰੀ ਰਿਕਾਰਡ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ। ਪਟਵਾਰੀਆਂ ਦੇ ਕਿਸੇ ਕੰਮ ਵਜੋਂ ਬਾਹਰ ਹੋਣ ਤੋਂ ਬਾਅਦ ਲੋਕਾਂ ਦਾ ਕੀਮਤੀ ਰਿਕਾਰਡ ਪਟਵਾਰੀਆਂ ਦੇ ਨਿੱਜੀ ਮੁੰਡਿਆਂ ਸਪੁੱਰਦ ਹੋ ਜਾਂਦਾ ਹੈ, ਜਿਸ ਕਾਰਨ ਕਦੇ ਵੀ ਸਰਕਾਰੀ ਰਿਕਾਰਡ ਨੂੰ ਨੁਕਸਾਨ ਪੁੱਜ ਸਕਦਾ ਹੈ। ਚੌਕਸੀ ਵਿਭਾਗ ਅਨੁਸਾਰ ਕਈ ਪਟਵਾਰੀ ਆਪਣੇ ਹੇਠਾਂ ਰੱਖੇ ਨਿੱਜੀ ਮੁੰਡਿਆਂ ਅਧੀਨ ਭ੍ਰਿਸ਼ਟਾਚਾਰ ਫੈਲਾਉਂਦੇ ਹਨ। ਸ਼ਿਕਾਇਤ ਰਾਹੀਂ ਸਪੱਸ਼ਟ ਕੀਤਾ ਗਿਆ ਸੀ ਕਿ ਪੰਜਾਬ ਦੇ ਤਮਾਮ ਪਟਵਾਰੀਆਂ ਵੱਲੋਂ ਅਸਿੱਧੇ ਤੌਰ ‘ਤੇ ਲੋਕਾਂ ਕੋਲੋਂ ਪੈਸੇ ਬਟੋਰੇ ਜਾਂਦੇ ਹਨ, ਜਿਸ ‘ਚ ਉਨ੍ਹਾਂ ਵੱਲੋਂ ਰੱਖੇ ਨਿੱਜੀ ਮੁੰਡਿਆਂ ਮੁੱਖ ਭੂਮਿਕਾ ਨਿਭਾਉਂਦੇ ਹਨ। ਪਟਵਾਰੀਆਂ ਵੱਲੋਂ ਰੱਖੇ ਨਿੱਜੀ ਮੁੰਡੇ ਜਿਥੇ ਇਕ ਪਾਸੇ ਸਰਕਾਰੀ ਰਿਕਾਰਡ ਨਾਲ ਖਿਲਵਾੜ ਕਰਦੇ ਹਨ, ਉਥੇ ਦੂਜੇ ਪਾਸੇ ਜਨਤਾ ਨੂੰ ਵੀ ਖੱਜਲ-ਖੁਆਰ ਹੋਣਾ ਪੈਂਦਾ ਹੈ।

ਪਟਵਾਰੀਆਂ ਵੱਲੋਂ ਰੱਖੇ ਨਿੱਜੀ ਮੁੰਡਿਆਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਮੇਹਨਤਾਨਾ ਨਹੀਂ ਦਿੱਤਾ ਜਾਂਦਾ ਪਰ ਉਕਤ ਕਰਿੰਦੇ ਆਲੀਸ਼ਾਨ ਮਕਾਨਾਂ ਦੇ ਮਾਲਕ ਬਣ ਚੁੱਕੇ ਹਨ। ਬਿਨਾਂ ਤਨਖਾਹ ਤੋਂ ਕੰਮ ਕਰਨ ਵਾਲੇ ਪਟਵਾਰੀਆਂ ਦੇ ਨਿੱਜੀ ਮੁੰਡਿਆਂ ਕੋਲ ਖੁਲ੍ਹਾ ਪੈਸਾ ਅਤੇ ਵੱਡੀਆਂ ਗੱਡੀਆਂ ਹੋਣ ਤੋਂ ਸਾਫ ਪਤਾ ਚਲਦਾ ਹੈ ਕਿ ਇਨ੍ਹਾਂ ਵੱਲੋਂ ਕਿੰਨਾ ਭ੍ਰਿਸ਼ਟਾਚਾਰ ਫੈਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅਜਿਹੇ ਵੀ ਕਈ ਪਟਵਾਰੀ ਹਨ, ਜਿਹੜੇ ਪੱਲਿਓਂ ਤਨਖਾਹ ਦਿੰਦੇ ਹਨ, ਜੋ ਹੈਰਾਨੀਜਨਕ ਤੱਥ ਪੇਸ਼ ਕਰਦਾ ਹੈ। ਪਟਵਾਰੀਆਂ ਵੱਲੋਂ ਰਖੇ ਪ੍ਰਾਈਵੇਟ ਵਿਅਕਤੀਆਂ ਨੂੰ ਸਰਕਾਰ ਵੱਲੋਂ ਕੋਈ ਮਾਨਤਾ ਨਹੀਂ ਦਿੱਤੀ ਗਈ ਹੈ। ਬਹੁਤ ਸਾਰੇ ਮਾਲ ਪਟਵਾਰੀ ਇਨ੍ਹਾਂ ਰਾਹੀਂ ਜ਼ਿਆਦਾਤਰ ਰਿਸ਼ਵਤਖੋਰੀ ਦਾ ਧੰਦਾ ਚਲਾਉਂਦੇ ਹਨ। ਵਿਜੀਲੈਂਸ ਵਿਭਾਗ ਅਨੁਸਾਰ ਪ੍ਰਾਈਵੇਟ ਕਰਿੰਦੇ ਪਟਵਾਰੀ ਦੀ ਜਗ੍ਹਾ ਰਿਸ਼ਵਤ ਲੈਂਦੇ ਹਨ ਅਤੇ ਜਦੋਂ ਟਰੈਪ ਲਗਾਕੇ ਵਿਭਾਗ ਕਾਰਵਾਈ ਪਾਉਂਦਾ ਹੈ ਤਾਂ ਬਰਾਮਦਗੀ ਨਿੱਜੀ ਮੁੰਡਿਆਂ ਕੋਲੋਂ ਹੋਣ ਕਾਰਨ ਪਟਵਾਰੀ ਸਾਫ ਬਚ ਨਿਕਲਦੇ ਹਨ ਅਤੇ ਮਾਨਯੋਗ ਅਦਾਲਤਾਂ ‘ਚ ਪਟਵਾਰੀ ਖਿਲਾਫ ਕਾਰਵਾਈ ਅਮਲ ‘ਚ ਲਿਆਉਣਾ ਵੀ ਮੁਸ਼ਕਿਲ ਸਾਬਤ ਹੁੰਦਾ ਹੈ, ਜਦਕਿ ਰਿਸ਼ਵਤ ਦਾ ਸੂਤਰਧਾਰ ਪਟਵਾਰੀ ਹੀ ਹੁੰਦਾ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਟਵਾਰੀਆਂ ਨੂੰ ਨਿੱਜੀ ਮੁੰਡੇ ਨਾ ਰੱਖਣ ਸੰਬੰਧੀ ਸੁਚੇਤ ਕੀਤਾ ਗਿਆ ਹੈ ਪਰ ਜੇਕਰ ਫਿਰ ਤੋਂ ਪਟਵਾਰੀਆਂ ਨੇ ਅਜਿਹੀ ਕਿਸੇ ਕਾਰਵਾਈ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕਦੀ ਹੈ।