ਜਲੰਧਰ :ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹੇ ਦੇ ਸਾਰੇ 898 ਪਿੰਡਾਂ
ਨੂੰ ਸੈਨੀਟਾਈਜ਼ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਜ਼ਿਲ੍ਹਾ ਪ੍ਰੀਸਦ ਦਫ਼ਤਰ ਤੋਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਡਿਪਟੀ
ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ 216897 ਘਰਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਵੱਛ ਤੇ ਰੋਗਾਣੂ ਕਰਨ
ਲਈ ਹਰ ਘਰ ਵਿੱਚ 10 ਵਾਰ ਛਿੜਕਾਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੀਤੀ ਗਈ ਹੈ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ
ਇਸ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਦੋ ਲੱਖ ਡੀ-ਸੈਨੀਟਾਈਜ਼ਿਗ
ਕੈਮੀਕਲ ਨੂੰ ਪਾਣੀ ਵਿੱਚ ਮਿਲਾ ਕੇ 10 ਗੁਣਾ ਵਧਾ ਕੇ ਪਿੰਡਾਂ ਵਿੱਚ ਛਿੜਕਾਅ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ
1760 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ
ਜਾਵੇਗਾ ਤਾਂ ਜੋ ਕੋਰੋਨਾ ਵਾਇਰਸ ਨਾ ਫੈਲ ਸਕੇ। ਇਸ ਨੇਕ ਕਾਰਜ ਵਿੱਚ ਲੋਕਾਂ ਅਤੇ ਲੋਕ ਨੁਮਾਇੰਦਿਆਂ ਤੋਂ
ਭਰਪੂਰ ਸਹਿਯੋਗ ਦੀ ਮੰਗ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਸ ਘਾਤਕ ਵਾਇਰਸ
ਤੋਂ ਬਚਣ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ
ਕਰਮਚਾਰੀਆਂ ਨੂੰ ਸੱਦਾ ਦਿੱਤਾ ਕਿ ਇਸ ਡਿਊਟੀ ਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਇਆ ਜਾਵੇ ਤਾਂ ਜੋ
ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਖੁਦ ਇਸ ਮੁਹਿੰਮ ਦੀ
ਨਜ਼ਰਸਾਨੀ ਕਰਨਗੇ ਤਾਂ ਜੋ ਕੋਈ ਕਸਰ ਬਾਕੀ ਨਾ ਰਹੇ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਕੋਰੋਨਾ
ਵਾਇਰਸ ਦੇ ਰੂਪ ਵਿੱਚ ਛੁਪੇ ਹੋਏ ਦੁਸ਼ਮਣ ਦੇ ਖਾਤਮੇ ਲਈ ਇਕੱਠੇ ਹੋ ਕੇ ਪੁਖ਼ਤਾ ਉਪਰਾਲੇ ਕੀਤੇ ਜਾਣ।
ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਇਕਬਾਲ ਪ੍ਰੀਤ ਸਿੰਘ ਸਹੋਤਾ,
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਮ ਲੁਭਾਇਆ , ਦਲਬੀਰ ਕੌਰ ਅਤੇ ਹੋਰ ਵੀ ਹਾਜ਼ਰ ਸਨ।