ਪਟਿਆਲਾ: ਪੂਰੀ ਦੁਨੀਆ ਅੰਦਰ ਇਕ ਵੱਖਰੀ ਮਿਸਾਲ ਪੇਸ਼ ਕਰਨ ਵਾਲੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵਿੱਚ ਟਰੱਸਟ ਵੱਲੋਂ ਨਿਭਾਈ ਜਾ ਰਹੀ ਸੇਵਾ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਅੱਜ ਟਰੱਸਟ ਦੇ ਮੁੱਖ ਦਫ਼ਤਰ ‘ਚ ਬੈਠ ਕੇ ਆਪਣੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਆਉਣ ਵਾਲੇ ਦਿਨਾਂ ਲਈ ਨਵੀਂ ਵਿਉਂਤਬੰਦੀ ਉਲੀਕੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਤੋਂ ਇਲਾਵਾ ਕਰੋਨਾ ਵਾਇਰਸ ਦੀ ਲਾਗ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਪ੍ਰਸ਼ਾਸਨ ਦੀ ਮਦਦ ਲਈ ਵੈਂਟੀਲੇਟਰ,ਪੀ.ਪੀ. ਕਿੱਟਾਂ, ਐੱਨ 95 ਮਾਸਕ,ਸੈਨੀਟਾਈਜ਼ਰ ਅਤੇ ਹੋਰ ਲੋੜੀਂਦਾ ਸਾਮਾਨ ਭੇਜਣ ਦੀ ਚੱਲ ਰਹੀ ਸੇਵਾ ਸਬੰਧੀ ਡਾ.ਓਬਰਾਏ ਨੇ ਅੱਜ ਟਰੱਸਟ ਦੇ ਮੁੱਖ ਦਫ਼ਤਰ ਵਿਖੇ ਬੈਠ ਕੇ ਜਿੱਥੇ ਟਰੱਸਟ ਵੱਲੋਂ ਚਲਾਏ ਜਾ ਰਹੇ ਸਾਰੇ ਸੇਵਾ ਕਾਰਜਾਂ ਤੇ ਆਪਣੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਆਉਣ ਵਾਲੇ ਸਮੇਂ ਲਈ ਨਵੀਂ ਰੂਪ ਰੇਖਾ ਵੀ ਉਲੀਕੀ ਹੈ । ਇਸ ਦੌਰਾਨ ਡਾ. ਓਬਰਾਏ ਵੱਲੋਂ ਆਉਣ ਵਾਲੇ ਮਹੀਨਿਆਂ ‘ਚ ਵੀ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤੋਂ ‘ਚ ਅਾਉਣ ਵਾਲਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਅਾ ਗਿਅਾ ਹੈ। ਟਰੱਸਟ ਬੁਲਾਰੇ ਨੇ ਇਹ ਵੀ ਦੱਸਿਅਾ ਕਿ ਡਾ.ਓਬਰਾਏ ਨੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਇਸ ਔਖੇ ਸਮੇਂ ‘ਚ ਸੇਵਾ ਨਿਭਾ ਰਹੇ ਟਰੱਸਟ ਦੇ ਸਮੂਹ ਮੈਂਬਰਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਸੇਵਾ ਕਾਰਜਾਂ ਦੌਰਾਨ ਹਰ ਹਾਲਤ ‘ਚ ਸਿਹਤ ਵਿਭਾਗ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਣ।
ਇਸ ਦੌਰਾਨ ਉਨ੍ਹਾਂ ਨਾਲ ਟਰੱਸਟ ਦੇ ਕੌਮੀ ਜਨਰਲ ਸਕੱਤਰ ਗਗਨਦੀਪ ਸਿੰਘ ਅਹੂਜਾ, ਟਰੱਸਟ ਦੇ ਸਿਹਤ ਵਿੰਗ ਦੇ ਇੰਚਾਰਜ ਡਾ.ਦਲਜੀਤ ਸਿੰਘ ਗਿੱਲ ਅਾਦਿ ਵੀ ਮੌਜੂਦ ਸਨ।

ਕੈਪਸ਼ਨ : ਟਰੱਸਟ ਦੇ ਮੁੱਖ ਦਫ਼ਤਰ ਵਿਖੇ ਆਪਣੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਡਾ.ਐੱਸ.ਪੀ.ਸਿੰਘ ਓਬਰਾਏ।