ਅੰਮ੍ਰਿਤਸਰ,28 ਅਪ੍ਰੈਲ ( )-ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛੱਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਂਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਅੈੱਸ.ਪੀ.ਸਿੰਘ ਓਬਰਾਏ ਵੱਲੋਂ ਮਿਸਾਲੀ ਪਹਿਲਕਦਮੀ ਕਰਦਿਆਂ ਅੱਜ ਸਰਕਾਰੀ ਮੈਡੀਕਲ ਕਾਲਜ ਜੰਮੂ ਤੋਂ ਇਲਾਵਾ ਕਸ਼ਮੀਰ ਦੇ ਚਾਰ ਹਸਪਤਾਲਾਂ ਲਈ ਵੱਡੀ ਗਿਣਤੀ ‘ਚ ਪੀ.ਪੀ.ਕਿੱਟਾਂ,ਅੈੱਨ-95 ਅਤੇ ਤਿੰਨ ਪਰਤੀ (ਧੋਣ ਯੋਗ) ਮਾਸਕ ਭੇਜੇ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਾਰੇ ਹੀ ਮੈਡੀਕਲ ਕਾਲਜਾਂ ਤੋਂ ਸਰਕਾਰੀ ਹਸਪਤਾਲਾਂ,ਜ਼ਿਲ੍ਹਾ ਪੁਲਿਸ ਪ੍ਰਸ਼ਾਸਨਾਂ,ਪੀ.ਏ.ਪੀ.ਦੇ ਸੈਂਟਰਾਂ ਅਤੇ ਮੀਡੀਆ ਕਰਮੀਅਾਂ ਨੂੰ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਵੱਡੀ ਗਿਣਤੀ ‘ਚ ਲੋੜੀਂਦਾ ਸਮਾਨ ਪੁੱਜਦਾ ਕਰਨ ਉਪਰੰਤ ਅੱਜ ਸਰਕਾਰੀ ਮੈਡੀਕਲ ਕਾਲਜ ਜੰਮੂ ਤੋਂ ਇਲਾਵਾ ਕਸ਼ਮੀਰ ਦੇ ਚਾਰ ਸਰਕਾਰੀ ਹਸਪਤਾਲਾਂ ਦੀ ਮੰਗ ਤੇ ਉਨ੍ਹਾਂ ਲਈ 600 ਪੀ.ਪੀ.ਕਿੱਟਾਂ,400 ਅੈੱਨ-95 ਮਾਸਕ ਅਤੇ 10 ਹਜ਼ਾਰ ਤੀਹਰੀ ਪਰਤ ਵਾਲੇ (ਧੋਣ ਯੋਗ) ਮਾਸਕ ਭੇਜੇ ਗਏ ਹਨ। ਜੋ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸ੍ਰੀਨਗਰ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਰਾਹੀਂ ਸਬੰਧਿਤ ਥਾਵਾਂ ਤੇ ਦਿੱਤੇ ਜਾਣਗੇ।
ਡਾ. ਓਬਰਾਏ ਨੇ ਦੱਸਿਆ ਕਿ ਪਹਿਲਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ,ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਚੰਡੀਗੜ੍ਹ ਅੰਦਰ ਟਰੱਸਟ ਦੀਆਂ ਇਕਾਈਆਂ ਨੂੰ ਪਹਿਲੇ ਪੜਾਅ ਤਹਿਤ ਕਰੀਬ ਸਵਾ ਕਰੋਡ਼ ਦੀ ਲਾਗਤ ਨਾਲ ਵੱਡੀ ਮਾਤਰਾ ‘ਚ ਸੁੱਕਾ ਰਾਸ਼ਨ ਖਰੀਦ ਕੇ ਭੇਜਿਆ ਗਿਆ ਸੀ,ਜੋ ਟਰੱਸਟ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਮਦਦ ਨਾਲ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਲੋੜਵੰਦ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਮਈ ਮਹੀਨੇ ਅੰਦਰ 35 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਣ ਵਾਲ ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੀ 5 ਤੋਂ 12 ਮਈ ਤੱਕ ਟਰੱਸਟ ਦੀਆਂ ਸਾਰੀਆਂ ਜਿਲ੍ਹਾ ਇਕਾਈਆਂ ਨੂੰ ਪਹੁੰਚ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਅਰੰਭੇ ਗਏ ਸਾਰੇ ਸੇਵਾ ਕਾਰਜ ਉਨ੍ਹਾਂ ਚਿਰ ਨਿਰੰਤਰ ਜਾਰੀ ਰਹਿਣਗੇ ਜਦੋਂ ਤੱਕ ਦੇਸ਼ ਤੋਂ ਇਹ ਮੁਸੀਬਤ ਟਲ ਨਹੀਂ ਜਾਂਦੀ।
ਕੈਪਸ਼ਨ – ਡਾ. ਐੱਸ.ਪੀ.ਸਿੰਘ ਓਬਰਾਏ ਦੀ ਫਾਈਲ ਫੋਟੋ ।