ਭੋਗਪੁਰ 6 ਮਈ (ਗਰਦੀਪ ਸਿੰਘ ਹੋਠੀ)- ਕਰੋਨਾ ਮਹਾਂਮਾਰੀ ਦੌਰਾਨ ਪਿੰਡ ਜੱਲੋਵਾਲ ਕਲੋਨੀ ਦੀ ਮੌਜੂਦਾ ਸਰਪੰਚ ਦੇ ਪਤੀ ਸੁਖਦੇਵ ਰਾਜ ਵੱਲੋਂ ਲੋਕਾਂ ਨੂੰ ਸ਼ੋਸ਼ਲ ਡਿਸਟੈਂਸ ਬਣਾਏ ਰੱਖਣ ਅਤੇ ਕਰਫਿਊ ਦੇ ਨਿਯਮਾ ਦੀ ਪਾਲਣਾ ਕਰਨ ਦੀ ਪਿੰਡ ਵਾਸੀਆਂ ਨੂੰ ਹਦਾਇਤ ਕੀਤੀ ਜਾ ਰਹੀ ਹੈ। ਪਰ ਉਹ ਆਪ ਹੀ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਪ੍ਰੈਸ ਨੂੰ ਇਹ ਬਿਆਨ ਪਿੰਡ ਜੱਲੋਵਾਲ ਕਲੋਨੀ ਦੇ ਬਲਵੰਤ ਸਿੰਘ ਕਾਹਲੋਂ ਅਤੇ ਉਸ ਦੇ ਸਾਥੀਆਂ ਵੱਲੋਂ ਦਿੱਤੇ ਗਏ। ਬਲਵੰਤ ਕਾਹਲੋਂ ਨੇ ਦੱਸਿਆ ਕਿ ਸਾਬਕਾ ਸਰਪੰਚ ਸੁਖਦੇਵ ਰਾਜ ਹਫਤੇ ਦੇ 2 ਦਿਨ ਆਪਣੇ ਪਿੰਡ ਜੱਲੋਵਾਲ ਕਲੋਨੀ ਰਹਿੰਦਾ ਹੈ ਅਤੇ ਬਾਕੀ ਦਿਨ ਮਹਿਤਪੁਰ ਰਹਿੰਦਾ ਹੈ, ਜਿੱਥੇ ਕਿ ਉਸਦਾ ਸ਼ਰਾਬ ਦਾ ਕਾਰੋਬਾਰ ਹੈ। ਕਾਹਲੋਂ ਤੇ ਉਸਦੇ ਸਾਥੀਆਂ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਉਹ ਕਰੋਨਾ ਵਰਗੀ ਘਾਤਕ ਬਿਮਾਰੀ ਬਾਹਰੋਂ ਲਿਆ ਕੇ ਪਿੰਡ ਵਿੱਚ ਨਾ ਫੈਲਾ ਦੇਵੇ। ਉਹਨਾ ਨੇ ਇਹ ਵੀ ਕਿਹਾ ਕਿ ਕਰੋਨਾ ਕਾਰਨ ਪੰਜਾਬ ਵਿੱਚ ਸ਼ਰਾਬ ਦਾ ਕਾਰੋਬਾਰ ਬੰਦ ਹੈ ਪਰ ਸਾਬਕਾ ਸਰਪੰਚ ਵੱਲੋਂ ਸ਼ਰਾਬ ਦਾ ਕੰਮ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਬਕਾ ਸਰਪੰਚ ਸੁਖਦੇਵ ਰਾਜ ਦੇ ਇਸ ਕਾਰੋਬਾਰ ਦੀ ਜਾਂਚ ਕੀਤੀ ਜਾਵੇ। ਇਸ ਮੌਕੇ ਬਲਵੰਤ ਸਿੰਘ ਕਾਹਲੋਂ ਤੋਂ ਇਲਾਵਾ ਪੰਚ ਸੁਨੀਤਾ ਦੇਵੀ, ਜਰਨੈਲ ਸਿੰਘ, ਜਸਪਾਲ ਸਿੰਘ, ਅਜੇ ਕੁਮਾਰ, ਲਵਲੀ, ਜਸਕਰਨ ਸਿੰਘ, ਭੁਪਿੰਦਰ, ਭਜਨ ਆਦਿ ਮੌਜੂਦ ਸਨ।
ਇਸ ਮਾਮਲੇ ਦੀ ਜਾਣਕਾਰੀ ਲਈ ਜਦੋਂ ਸਾਬਕਾ ਸਰਪੰਚ ਸੁਖਦੇਵ ਰਾਜ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋਇਆ।