ਬਟਾਲਾ, 04 ਜੂਨ ( ) – ਇਨਸਾਨੀਅਤ ਦੇ ਭਲੇ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਕੇ ਆਪਣੀ ਨੇਕ ਕਿਰਤ ਕਮਾਈ ਦੇ ਵਿਚੋ ਵੱਡਾ ਹਿੱਸਾ ਮਨੁੱਖਤਾ ਦੀ ਸੇਵਾ ਲਈ ਖ਼ਰਚ ਕਰਨ ਵਾਲੇ ਦੁਬਈ ਦੇ ਉਘੇ ਸਿੱਖ ਸਰਦਾਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਬਾਨੀ ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਆਬੂਧਾਬੀ ਵਿਖੇ ਮੌਤ ਦੇ ਮੂੰਹ ਵਿਚ ਗਏ 22 ਸਾਲਾਂ ਨੌਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ ਹੈ। ਦਸੱਣਯੋਗ ਹੈ ਕਿ ਸੁਨਿਹਰੀ ਭਵਿੱਖ ਦੀ ਤਲਾਸ਼ ਵਿਚ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਵਿਦੇਸ਼ ਦੀ ਧਰਤੀ ਆਬੂਧਾਬੀ ਵਿਖੇ ਗਏ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਸ਼ਾਹਪੁਰ ਜਾਜਨ ਦੇ 22 ਸਾਲਾਂ ਨੌਜਵਾਨ ਪ੍ਰਭਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਦੀ 17 ਅਪ੍ਰੈਲ 2020 ਨੂੰ ਮੌਤ ਹੋ ਗਈ ਸੀ। ਜਿਸ ਤੋ ਬਾਅਦ ਪੀੜਤ ਪਰਿਵਾਰ ਵਲੋ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਦੇ ਲਈ ਵੱਖ ਵੱਖ ਥਾਂਵਾਂ ਤੇ ਗੁਹਾਰ ਲਗਾਈ ਗਈ ਸੀ, ਪਰ ਕਿਸੇ ਨੇ ਵੀ ਪਰਿਵਾਰ ਦੀ ਸਾਰ ਨਹੀ ਲਈ। ਜਦਕਿ ਇਕ ਹਫ਼ਤਾ ਪਹਿਲਾ ਮ੍ਰਿਤਕ ਨੌਜਵਾਨ ਪ੍ਰਭਦੀਪ ਸਿੰਘ ਦੇ ਪਰਿਵਾਰਿਕ ਮੈਬਰ ਕਸ਼ਮੀਰ ਸਿੰਘ, ਗੁਰਨਾਮ ਸਿੰਘ ਤੇ ਸਿਕੰਦਰ ਸਿੰਘ ਨੇ ਜਦ ਇਹ ਮਾਮਲਾ ਸਰਬੱਤ ਦਾ ਭਲਾ ਟਰਸੱਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੇ ਧਿਆਨ ਵਿਚ ਲਿਆਦਾਂ ਤਾਂ ਉਨਾਂ ਨੇ ਤਰੁੰਤ ਡਾ. ਐਸ. ਪੀ. ਸਿੰਘ ਓਬਰਾਏ ਦੇ ਨਾਲ ਗੱਲਬਾਤ ਕਰਦਿਆਂ ਗਰੀਬ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇਹ ਆਬੂਧਾਬੀ ਤੋ ਪਿੰਡ ਲਿਆਉਣ ਦੇ ਲਈ ਬੇਨਤੀ ਕੀਤੀ। ਜਿਸ ਤੋ ਬਾਅਦ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਡਾ. ਐਸ. ਪੀ. ਸਿੰਘ ਓਬਰਾਏ ਦੀ ਯੋਗ ਸਰਪਰਸਤੀ ਹੇਠ ਇਸ ਸਬੰਧੀ ਸਾਰੀ ਪ੍ਰਕਿਰਿਆਂ ਨੂੰ ਮੁਕੰਮਲ ਕਰਦਿਆਂ ਦੁਬਈ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਸੀਨੀਅਰ ਨੁਮਾਇੰਦੇ ਅਤੇ ਡਾ. ਓਬਰਾਏ ਦੇ ਪੀ. ਆਰ. ਓ. ਬਲਦੀਪ ਸਿੰਘ ਚਾਹਲ ਅਤੇ ਆਬੂਧਾਬੀ ਦੀ ਇੰਡੀਅਨ ਐਮਬੈਸੀ ਸਮੇਤ ਇੰਡੀਅਨ ਕੌਸਲੇਟ ਨੂੰ ਸਾਰੇ ਕਾਗਜ਼ ਪੱਤਰ ਭੇਜ ਦਿੱਤੇ, ਤਾਂ ਜੋ ਨੌਜਵਾਨ ਪ੍ਰਭਦੀਪ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਸਕੇ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆਂ ਕਿ ਟਰਸੱਟ ਦੇ ਮੁੱਖੀ ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅਤੇ ਪੀ. ਆਰ. ਓ. ਬਲਦੀਪ ਸਿੰਘ ਚਾਹਲ ਦੇ ਸਹਿਯੋਗ ਨਾਲ ਦੋ ਭੈਣਾਂ ਦੇ ਇੱਕਲੋਤੇ 22 ਸਾਲਾਂ ਕੁਆਰੇ ਭਰਾ ਪ੍ਰਭਦੀਪ ਸਿੰਘ ਦੀ ਮ੍ਰਿਤਕ ਦੇਹ ਤੜਕਸਾਰ ਅਮ੍ਰਿੰਤਸਰ ਦੇ ਹਵਾਈ ਅੱਡੇ ਵਿਖੇ ਪਹੁੰਚੀ ਜਿਥੋ ਪਰਿਵਾਰਿਕ ਮੈਬਰ ਅਤੇ ਟਰਸੱਟ ਦੀ ਜ਼ਿਲਾ ਟੀਮ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਸ਼ਾਹਪੁਰ ਜਾਜਨ ਵਿਖੇ ਪਹੁੰਚੇ। ਇਸ ਦੌਰਾਨ ਜ਼ਿਲਾ ਪ੍ਰਧਾਨ ਮਠਾਰੂ ਨੇ ਡਾ. ਓਬਰਾਏ ਅਤੇ ਸਰਬੱਤ ਦਾ ਭਲਾ ਟਰਸੱਟ ਦੀ ਟੀਮ ਵਲੋ ਪਰਿਵਾਰ ਦੇ ਨਾਲ ਡੂੱਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਅੰਤਿਮ ਸੰਸਕਾਰ ਮੌਕੇ ਮ੍ਰਿਤਕ ਪ੍ਰਭਦੀਪ ਦੇ ਮਾਤਾ ਪਿਤਾ, ਭੈਣਾਂ ਅਤੇ ਪਰਿਵਾਰਿਕ ਮੈਬਰਾਂ ਸਮੇਤ ਪਿੰਡ ਦੇ ਸਰਪੰਚ ਮਖੱਣ ਸਿੰਘ ਤੋ ਇਲਾਵਾ ਇਲਾਕੇ ਦੇ ਲੋਕਾਂ ਵਲੋ ਸਰਬੱਤ ਦਾ ਭਲਾ ਟਰਸੱਟ ਦੇ ਮੁੱਖੀ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰੀਬ ਪਰਿਵਾਰ ਦੇ ਵੱਸ ਦੀ ਗੱਲ ਨਹੀ ਸੀ ਕਿ ਉਹ ਆਖਰੀ ਵਾਰ ਆਪਣੇ ਪੁੱਤਰ ਦਾ ਮੂੰਹ ਵੇਖ ਸੱਕਣ, ਪਰ ਡਾ. ਓਬਰਾਏ ਵਲੋ ਪਰਉਪਾਰੀ ਕਾਰਜ਼ ਕਰਦਿਆਂ ਦੁੱਖੀ ਪਰਿਵਾਰ ਨੂੰ ਬਹੁਤ ਵੱਡੀ ਰਾਹਤ ਅਤੇ ਧਰਾਸ ਦਿੱਤੀ ਗਈ ਹੈ। ਜਿਸ ਕਰਕੇ ਸਮੁੱਚਾ ਪਰਿਵਾਰ ਅਤੇ ਪਿੰਡ ਸਦਾ ਡਾ. ਓਬਰਾਏ ਦਾ ਰਿਣੀ ਰਹੇਗਾ।
ਕੈਪਸ਼ਨ—
ਮ੍ਰਿਤਕ ਦੇਹ ਨੂੰ ਪਿੰਡ ਲੈ ਕੇ ਪਾਹੁੰਚੇ ਸਰਬੱਤ ਦਾ ਭਲਾ ਟਰਸੱਟ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਪਰਿਵਾਰਿਕ ਮੈਬਰ ਅਤੇ ਮ੍ਰਿਤਕ ਨੌਜਵਾਨ ਪ੍ਰਭਦੀਪ ਸਿੰਘ ਦੀ ਫਾਇਲ ਫੋਟੋ।