ਲੁਧਿਆਣਾ : ਲੁਧਿਆਣਾ ‘ਚ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਪਿਓ ਵੱਲੋਂ ਆਪਣੇ ਜਵਾਨ ਪੁੱਤ ਨੂੰ ਜਿਊਂਦਾ ਸਾੜ ਦਿੱਤਾ ਗਿਆ ਹੈ। ਮ੍ਰਿਤਕ ਸੁਧੀਰ ਕੁਮਾਰ (22) ਪ੍ਰਾਈਵੇਟ ਨੌਕਰੀ ਕਰਦਾ ਸੀ, ਜਦੋਂ ਕਿ ਉਸ ਦਾ ਪਿਤਾ ਰਮੇਸ਼ਵਰ ਪਾਲ ਸੁਰੱਖਿਆ ਮੁਲਾਜ਼ਮ ਹੈ। ਘਰ ‘ਚ ਜੂਠੇ ਭਾਂਡਿਆਂ ਨੂੰ ਲੈ ਕੇ ਸੁਧੀਰ ਅਤੇ ਉਸ ਦੇ ਪਿਤਾ ਵਿਚਕਾਰ ਲੜਾਈ ਹੋ ਗਈ, ਜਿਸ ਤੋਂ ਬਾਅਦ ਸੁਧੀਰ ਛੱਤ ‘ਤੇ ਚਲਾ ਗਿਆ।
ਸੁਧੀਰ ਦਾ ਪਿਤਾ ਵੀ ਉਸ ਦੇ ਪਿੱਛੇ ਹੀ ਚਲਾ ਗਿਆ ਤੇ ਛੱਤ ‘ਤੇ ਪਿਆ ਲੱਕੜੀ ਦਾ ਬਾਲਾ ਚੁੱਕ ਕੇ ਸੁਧੀਰ ਦੇ ਸਿਰ ‘ਚ ਮਾਰ ਦਿੱਤਾ। ਰਮੇਸ਼ਵਰ ਨੇ ਉਸ ਨੂੰ ਮਰਿਆ ਹੋਇਆ ਸਮਝ ਨੇੜੇ ਕੁਝ ਸਮਾਨ ਇਕੱਠਾ ਕਰਕੇ ਆਪਣੇ ਜਿਊਂਦੇ ਪੁੱਤ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਦੋਂ ਗੁਆਂਢੀਆਂ ਨੇ ਰਮੇਸ਼ਵਰ ਦੇ ਘਰ ‘ਚ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਰਮੇਸ਼ਵਰ ਕਹਿਣ ਲੱਗਾ ਕਿ ਉਸ ਨੇ ਪਲਾਸਟਿਕ ਦਾ ਸਮਾਨ ਸਾੜਿਆ ਹੈ ਪਰ ਲੋਕਾਂ ਨੂੰ ਸ਼ੱਕ ਹੋ ਗਿਆ, ਜਿਸ ਤੋਂ ਬਾਅਦ ਰਮੇਸ਼ਵਰ ਦੇ ਦੂਜੇ ਪੁੱਤ ਨੂੰ ਮੌਕੇ ‘ਤੇ ਸੱਦਿਆ ਗਿਆ। ਇਸ ਦੌਰਾਨ ਇਸ ਖੌਫਨਾਕ ਵਾਰਦਾਤ ਦਾ ਖੁਲਾਸਾ ਹੋਇਆ। ਫਿਲਹਾਲ ਪੁਲਸ ਨੇ ਰਮੇਸ਼ਵਰ ‘ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ‘ਚ ਲੱਗ ਗਈ ਹੈ।