ਲੁਧਿਆਣਾ : ਸਥਾਨਕ ਗੁਰਦੇਵ ਨਗਰ ‘ਚ ਪਤਨੀ ਦਾ ਕਤਲ ਕਰਨ ਉਪਰੰਤ ਪਤੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ, ਮ੍ਰਿਤਕ ਔਰਤ ਦੀ ਸ਼ਨਾਖ਼ਤ ਪੂਜਾ(32) ਵਜੋਂ ਕੀਤੀ ਗਈ ਹੈ, ਜਿਸ ਦੇ ਤਿੰਨ ਬੱਚੇ ਹਨ ਅਤੇ ਉਸ ਦਾ ਪਤੀ ਮਨੀਸ਼ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦਾ ਹੈ। ਜਾਂਚ ਅਧਿਕਾਰੀ ਐੱਸ.ਐੱਚ ਓ ਰਿਚਾ ਰਾਣੀ ਨੇ ਦੱਸਿਆ ਕਿ ਮਨੀਸ਼ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਪਤੀ-ਪਤਨੀ ਵਿਚਾਲੇ ਲੜਾਈ ਝਗੜਾ ਰਹਿੰਦਾ ਸੀ। ਬੀਤੀ ਦੇਰ ਰਾਤ ਵੀ ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋਇਆ। ਗ਼ੁੱਸੇ ਵਿਚ ਆਏ ਮਨੀਸ਼ ਨੇ ਪੂਜਾ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮਨੀਸ਼ ਨੇ ਆਪ ਵੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਮਨੀਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।