
ਜਲੰਧਰ 04 ਅਗਸਤ 2020
ਜਲੰਧਰ ਨੂੰ ਸਾਫ਼ ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਿੱਤੀ ਸਾਲ ਦੌਰਾਨ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਦੋ-ਦੋ ਕੁੱਲ 22 ਨਰਸਰੀਆਂ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਨਰਸਰੀਆਂ ’ਤੇ 1.35 ਕਰੋੜ ਰੁਪਏ ਖ਼ਰਚੇ ਜਾਣਗੇ ਅਤੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ ਪ੍ਰੋਗਰਾਮ ਤਹਿਤ 14 ਨਰਸਰੀਆਂ ਦਾ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਨ੍ਹਾਂ ਨਰਸਰੀਆਂ ਵਿੱਚ ਕਲੇਰ, ਗੁਲਮੋਹਰ, ਸੁਖਚੈਨ, ਪਿੱਪਲ, ਟਾਹਲੀ, ਸ਼ਹਿਤੂਤ, ਨੀਮ, ਡੇਕ ਅਤੇ ਹੋਰ ਪੌਦੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੌਦੇ ਲੈਣ ਲਈ ਜੰਗਲਾਤ ਵਿਭਾਗ ਅਤੇ ਹੋਰ ਨਿੱਜੀ ਏਜੰਸੀਆਂ ’ਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਇਹ ਪੌਦੇ ਸਿੱਧੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈਆਂ ਜਾ ਰਹੀਆਂ ਨਰਸਰੀਆਂ ਤੋਂ ਲਏ ਜਾ ਸਕਣਗੇ।
ਸਾਰੰਗਲ ਨੇ ਦੱਸਿਆ ਕਿ ਪਿੰਡਾਂ ਵਿੱਚ ਨਿਯਮਤ ਤੌਰ ’ਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਜੋ ਕਿ ਹਰਿਆਵਲ ਹੇਠ ਰਕਬੇ ਨੂੰ ਵਧਾਉਣ ਵਿੱਚ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਹਰਿਆਵਲ ਹੇਠ ਘੱਟ ਰਿਹਾ ਰਕਬਾ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ ਜੋ ਕਿ ਵਾਤਾਵਰਨ ਅਤੇ ਮਨੁੱਖੀ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ।
ਸਾਰੰਗਲ ਨੇ ਦੱਸਿਆ ਕਿ ਸਬੰਧਿਤ ਗਰਾਮ ਪੰਚਾਇਤਾਂ ਜੰਗਲਾਤ ਵਿਭਾਗ ਤੋਂ ਤਕਨੀਕੀ ਸਹਿਯੋਗ ਲੈ ਕੇ ਇਨ੍ਹਾਂ ਨਰਸਰੀਆਂ ਦੀ ਸਾਂਭ ਸੰਭਾਲ ਲਈ ਜਿੰਮੇਵਾਰ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਨਰਸਰੀਆਂ ਪੌਦੇ ਲਗਾਉਣ ਦੀ ਮੁਹਿੰਮ ਨੂੰ ਨਿਰਵਿਘਨ ਚਲਾਉਣ ਵਿੱਚ ਮਦਦਗਾਰ ਸਾਬਿਤ ਹੋਣਗੀਆਂ ਜਿਸ ਨਾਲ ਹਾਨੀਕਾਰਕ ਗੈਸਾਂ ਨੂੰ ਖ਼ਤਮ ਕੀਤਾ ਜਾ ਸਕੇਗਾ ਜੋ ਜ਼ਿਲ੍ਹੇ ਦੀ ਜਲਵਾਯ ’ਤੇ ਬੁਰਾ ਪ੍ਰਭਾਵ ਪਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀਆਂ ਅੱਠ ਨਰਸਰੀਆਂ ਦਾ ਕੰਮ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਲਈ ਯੋਗ ਸਥਾਨਾਂ ਦੀ ਪਹਿਚਾਣ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਨਰਸਰੀਆਂ ਜ਼ਿਲ੍ਹੇ ਵਿੱਚ ਹਰਿਆਵਲ ਹੇਠ ਘੱਟ ਰਹੇ ਰਕਬੇ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਇਹ ਹਰ ਵਿਅਕਤੀ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਤਾਂ ਜੋ ਜ਼ਿਲ੍ਹੇ ਵਿੱਚ ਹਰਿਆਵਲ ਹੇਠ ਰਕਬੇ ਨੂੰ ਵਧਾ ਕੇ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ।