ਅੰਮਿ੍ਤਸਰ 7 ਅਗਸਤ ( )- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੀ ਕੋਰ ਕਮੇਟੀ ਦੇ ਫੈਸਲੇ ਅਨੁਸਾਰ ਜਥੇਬੰਦੀ ਦੀ ਇੱਕ ਵਿਸ਼ੇਸ਼ ਮੀਟਿੰਗ ਹਰਜਿੰਦਰਪਾਲ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਸਰਕਾਰ ਦੀਆਂ ਅਧਿਆਪਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਤੋਂ ਇਲਾਵਾ ਨਿੱਤ ਦਿਨ ਆ ਰਹੇ ਨਾਦਰਸ਼ਾਹੀ ਹੁਕਮਾਂ ਦਾ ਕਰੜਾ ਵਿਰੋਧ ਕੀਤਾ ਗਿਆ। ਇਸੇ ਦੌਰਾਨ ਹੀ ਜਥੇਬੰਦੀ ਦੀ ਮਜ਼ਬੂਤੀ ਅਤੇ ਘੇਰਾ ਹੋਰ ਵਿਸ਼ਾਲ ਕਰਨ ਲਈ ਦਲਜੀਤ ਸਿੰਘ ਲਹੌਰੀਆ ਨੂੰ ਸੂਬਾ ਪ੍ਰੈਸ ਸਕੱਤਰ,ਗੁਰਮੇਲ ਸਿੰਘ ਬਰ੍ਹੇ ਮਾਨਸਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਬਾਠ ਨੂੰ ਸੂਬਾ ਜਥੇਬੰਦਕ ਸਕੱਤਰ ਜਦ ਕਿ ਮਨਿੰਦਰ ਸਿੰਘ ਤਰਨਤਾਰਨ ਨੂੰ ਸੂਬਾ ਮੀਤ ਸਕੱਤਰ ਈ.ਟੀ.ਯੂ.’ਚ ਸ਼ਾਮਿਲ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਪ੍ਰੈਸ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਮੁਲਾਜ਼ਮ ਮਾਰੂ ਫ਼ੁਰਮਾਨਾਂ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਅਧਿਆਪਕ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕਰੇ ਨਹੀਂ ਤਾਂ ਉਸ ਨੂੰ ਐਲੀਮੈਂਟਰੀ ਅਧਿਆਪਕਾਂ ਦੇ ਤਿੱਖੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ।
ਇਸ ਮੌਕੇ ਆਗੂਆਂ ਨੇ ਜਥੇਬੰਦੀ ‘ਚ ਸ਼ਾਮਿਲ ਹੋਏ ਸੂਬਾਈ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਐਲੀਮੈਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੰਵਿਧਾਨ ਨੂੰ ਮੰਨਦਿਆਂ ਐਲੀਮੈਂਟਰੀ ਅਧਿਆਪਕ ਵਰਗ ਲਈ ਸਮਰਪਿਤ ਹੋ ਕੇ ਕੰਮ ਕਰਨ ਵਾਲੇ ਹਰੇਕ ਆਗੂ ਲਈ ਜਥੇਬੰਦੀ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ ਅਤੇ ਸਮਰਪਿਤ ਆਗੂਆਂ ਦਾ ਹਮੇਸ਼ਾ ਸਤਿਕਾਰ ਰਹੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਲੁਧਿਆਣਾ ‘ਚ ਜਥੇਬੰਦੀ ਦੇ ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਦੀ ਸਮੁੱਚੀ ਟੀਮ ਵਲੋਂ ਜਥੇਬੰਦੀ ‘ਚ ਸ਼ਾਮਿਲ ਕੀਤੇ ਗਏ ਅਧਿਆਪਕ ਆਗੂ ਹਰਦੀਪ ਸਿੰਘ ਬਾਹੋਮਾਜਰਾ ਦਾ ਵੀ ਸਾਥੀਆਂ ਸਮੇਤ ਸਵਾਗਤ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ‘ਚ ਬਹੁਤ ਸਾਰੇ ਹੋਰ ਆਗੂ ਵੀ ਈ.ਟੀ.ਯੂ. (ਰਜਿ:) ‘ਚ ਸ਼ਾਮਿਲ ਹੋਣ ਲਈ ਸੂਬਾ ਕਮੇਟੀ ਦੇ ਸੰਪਰਕ ਵਿਚ ਹਨ ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੂਬਾਈ ਆਗੂ ਸਰਬਜੀਤ ਸਿੰਘ ਖਡੂਰ ਸਾਹਿਬ,ਜਸਵਿੰਦਰ ਸਿੰਘ ਘਰਿਆਲਾ , ਸੁਧੀਰ ਢੰਡ,ਜਤਿੰਦਰਪਾਲ ਸਿੰਘ ਰੰਧਾਵਾ, ਸਤਬੀਰ ਸਿੰਘ ਬੋਪਾਰਾਏ,ਗੁਰਵਿੰਦਰ ਸਿੰਘ ਬੱਬੂ ਤਰਨਤਾਰਨ,ਸੁਖਵਿੰਦਰ ਸਿਂਘ ਧਾਮੀ ,ਗੁਰਲਵਦੀਪ ਸਿੰਘ ,ਸਤਨਾਮ ਸਿੰਘ ਤਰਨਤਾਰਨ,ਹਰਜਿੰਦਰਪ੍ਰੀਤ ਸਿੰਘ ਬੰਡਾਲਾ,ਅਮਨਦੀਪ ਸਿੰਘ,ਮਹਿੰਦਰ ਰਾਜਨ ਆਦਿ ਵੀ ਹਾਜ਼ਰ ਸਨ।