ਫਗਵਾੜਾ 20 ਅਗਸਤ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਅੱਜ ਸਥਾਨਕ ਮਾਡਲ ਟਾਉਨ ਸਥਿਤ ਬਿਜਲੀ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਐਸ.ਡੀ.ਓ. ਪਾਰਵਕਾਮ ਨੂੰ ਮਿਲੇ। ਇਸ ਦੌਰਾਨ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਜਾਣੂ ਕਰਵਾਇਆ ਅਤੇ ਦੱਸਿਆ ਕਿ ਬਿਲ ਜਮਾ ਕਰਵਾਉਣ ਲਈ ਲੰਬੀਆਂ ਲਾਈਨਾ ਲੱਗਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਕੋਵਿਡ-19 ਦੇ ਖਤਰੇ ਨੇ ਸਮੱਸਿਆ ਨੂੰ ਹੋਰ ਵੀ ਵਧਾ ਦਿੱਤਾ ਹੈ। ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਹੋ ਰਹੀ ਜਿਸ ਨਾਲ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਕਈ ਵਾਰ ਬਿਲ ਜਮਾ ਕਰਵਾਉਣ ਦਾ ਸਮਾਂ ਪੂਰਾ ਹੋਣ ਕਰਕੇ ਕਈ ਘੰਟੇ ਖੜੇ ਹੋਣ ਦੇ ਬਾਵਜੂਦ ਲੋਕਾਂ ਨੂੰ ਬਿਨਾਂ ਬਿਲ ਜਮਾ ਕਰਵਾਏ ਵਾਪਸ ਮੁੜਨਾ ਪੈਂਦਾ ਹੈ। ਇਸ ਉਪਰੰਤ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਪਾਰਟੀ ਆਗੂ ਐਡਵੋਕੇਟ ਕਸ਼ਮੀਰ ਸਿੰਘ ਮੱਲ•ੀ ਅਤੇ ਹੋਰਨਾਂ ਦੀ ਹਾਜਰੀ ਵਿਚ ਦੱਸਿਆ ਕਿ ਐਸ.ਡੀ.ਓ. ਪਾਰਵਕਾਮ ਨੇ ਸਟਾਫ ਘੱਟ ਹੋਣ ਦੀ ਗੱਲ ਕਹੀ ਹੈ ਅਤੇ ਦੱਸਿਆ ਹੈ ਕਿ ਪਹਿਲਾਂ 3 ਤੋਂ 4 ਕਾਉਂਟਰ ਬਿਲ ਲੈਣ ਲਈ ਹੁੰਦੇ ਸੀ ਪਰ ਹੁਣ ਸਟਾਫ ਦੀ ਕਮੀ ਦੇ ਚਲਦੇ ਇਕ ਹੀ ਕਾਉਂਟਰ ਹੈ ਜਿਸ ਕਰਕੇ ਪਰੇਸ਼ਾਨੀ ਹੋ ਰਹੀ ਹੈ। ਸੰਤੋਸ਼ ਕੁਮਾਰ ਗੋਗੀ ਨੇ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਕਿ ਜੇਕਰ ਲੋਕਾਂ ਤੋਂ 10 ਰੁਪਏ ਪ੍ਰਤੀ ਯੁਨਿਟ ਬਿਲ ਦੀ ਵਸੂਲੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਜਰੂਰੀ ਸੁਵਿਧਾ ਦੇਣਾ ਵੀ ਸਰਕਾਰ ਦਾ ਫਰਜ਼ ਹੈ। ਸਰਕਾਰ 40 ਹਜਾਰ ਦੇ ਕਰੀਬ ਵਕੈਂਸੀਆਂ ਨੂੰ ਰੱਦ ਕਰਨ ਬਾਰੇ ਸੋਚ ਰਹੀ ਹੈ ਜੋ ਸਰਾਸਰ ਗਲਤ ਹੈ। ਉਹਨਾਂ ਹੈਰਾਨੀ ਪ੍ਰਗਟਾਈ ਕਿ ਇਕ ਪਾਸੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਦੂਸਰੇ ਰਾਜਾਂ ਤੋਂ ਬਿਜਲੀ ਖਰੀਦ ਕੇ ਖਪਤਕਾਰਾਂ ਨੂੰ ਫਰੀ ਵੰਡਦੀ ਹੈ ਤੇ ਪੰਜਾਬ ਵਿਚ ਆਪਣੀ ਬਿਜਲੀ ਪੈਦਾ ਕਰਕੇ ਵੀ ਲੋਕਾਂ ਨੂੰ ਮਹਿੰਗੇ ਰੇਟ ਤੇ ਮਿਲਦੀ ਹੈ ਅਤੇ ਸਹੂਲਤ ਦੇ ਨਾਮ ਤੇ ਕੁੱਝ ਵੀ ਨਹੀਂ ਦਿੱਤਾ ਜਾਂਦਾ। ਉਹਨਾਂ ਚੇਤਾਵਨੀ ਦਿੱਤੀ ਕਿ ਇਕ ਹਫਤੇ ਦੇ ਵਿਚ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਲ ਦਾ ਹਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ, ਸ਼ੀਤਲ ਸਿੰਘ ਪਲਾਹੀ, ਡਾ. ਜਤਿੰਦਰ ਪਰਹਾਰ, ਹਰਪਾਲ ਸਿੰਘ ਢਿੱਲੋਂ, ਲਲਿਤ, ਵਿੱਕੀ, ਵਿਨੋਦ ਭਾਸਕਰ, ਕੁਲਦੀਪ ਦੀਪਾ ਆਦਿ ਹਾਜਰ ਸਨ।