ਫਗਵਾੜਾ 27 ਅਗਸਤ (ਸ਼ਿਵ ਕੋੜਾ) ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੂਥ ਕਾਂਗਰਸ ਫਗਵਾੜਾ ਇਕਾਈ ਵਲੋਂ ਅੱਜ ਜੇ.ਈ.ਈ. ਅਤੇ ਐਨ.ਈ.ਈ.ਟੀ. ਦੀ ਸਤੰਬਰ ਮਹੀਨੇ ਵਿਚ ਹੋਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਨੂੰ ਲੈ ਕੇ ਵਿਧਾਨਸਭਾ ਹਲਕਾ ਫਗਵਾੜਾ ਦੇ ਯੂਥ ਪ੍ਰਧਾਨ ਕਰਮਦੀਪ ਸਿੰਘ ਕੰਮਾ ਦੀ ਅਗਵਾਈ ਹੇਠ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਜਿਲਾ ਕਪੂਰਥਲਾ ਵਿਚ ਫਗਵਾੜਾ ਤੋਂ ਇਲਾਵਾ ਵਿਧਾਨਸਭਾ ਹਲਕਾ ਕਪੂਰਥਲਾ ਵਿਖੇ ਹਲਕਾ ਪ੍ਰਧਾਨ ਕਰਨ ਮਹਾਜਨ ਦੀ ਅਗਵਾਈ ਹੇਠ ਜਦਕਿ ਭੁਲੱਥ ਵਿਖੇ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਐਸ.ਡੀ.ਐਮ. ਰਾਹੀਂ ਡੀ.ਸੀ. ਦੇ ਨਾਮ ਮੰਗ ਪੱਤਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਮੰਗ ਕਰਦੀ ਹੈ ਕਿ ਲੱਖਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੂੰ ਪ੍ਰੀਖਿਆਵਾਂ ਮੁਲਤਵੀ ਕਰਨੀਆਂ ਚਾਹੀਦੀਆਂ ਹਨ। ਅਜਿਹੇ ਸਮੇਂ ਵਿਚ ਜਦੋਂ ਕੇਂਦਰੀ ਮੰਤਰੀ ਅਤੇ ਕਈ ਮੁੱਖ ਮੰਤਰੀ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ ਤਾਂ ਜੇਈਈ ਅਤੇ ਨੀਟ ਪ੍ਰੀਖਿਆਵਾਂ ਕਰਵਾ ਕੇ ਪ੍ਰੀਖਿਆਰਥੀਆਂ ਦੀ ਜਿੰਦਗੀ ਨੂੰ ਖਤਰੇ ਵਿਚ ਕਿਸ ਤਰਾ ਪਾਇਆ ਜਾ ਸਕਦਾ ਹੈ। ਸੌਰਵ ਖੁੱਲਰ ਨੇ ਕਿਹਾ ਕਿ ਇਮਤਿਹਾਨ ਲੈਣਾ ਇਕ ਜ਼ਰੂਰੀ ਪ੍ਰਕ੍ਰਿਆ ਹੈ ਪਰ ਲੱਖਾਂ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ ਵਿਚ ਪਾ ਕੇ ਅਜਿਹਾ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਇਕ ਲਾਜ਼ੀਕਲ ਅਤੇ ਵਿਆਪਕ ਰਣਨੀਤੀ ਦੀ ਜ਼ਰੂਰਤ ਹੈ ਪਰ ਕੇਂਦਰ ਸਰਕਾਰ ਜਾਣ ਬੁੱਝ ਕੇ ਸਾਵਧਾਨੀ ਦੀ ਬਜਾਏ ਜੋਖਮ ਲੈਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਯੂਥ ਕਾਂਗਰਸ ਮੰਗ ਕਰਦੀ ਹੈ ਕਿ ਜੇ.ਈ.ਈ. ਅਤੇ ਐਨ.ਈ.ਈ.ਟੀ. ਦੀ ਸਤੰਬਰ ਮਹੀਨੇ ਵਿਚ ਲਈ ਜਾਣ ਵਾਲੀ ਪ੍ਰੀਖਿਆ ਨੂੰ ਕੋਰੋਨਾ ਮਹਾਮਾਰੀ ਦੇ ਹਾਲਾਤ ਕਾਬੂ ਵਿਚ ਆਉਣ ਤਕ ਮੁਲਤਵੀ ਕੀਤਾ ਜਾਵੇ।